ਸੁਨਾਮ : ਸੁਨਾਮ ਦੇ ਪ੍ਰਸਿੱਧ ਸ਼੍ਰੀ ਬਾਲਾਜੀ ਹਸਪਤਾਲ ਵਿੱਚ ਲੋਹੜੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਮਨਾਇਆ ਗਿਆ। ਹਸਪਤਾਲ ਦੇ ਸੰਚਾਲਕ ਡਾਕਟਰ ਜੋਨੀ ਗੁਪਤਾ ਅਤੇ ਡਾਕਟਰ ਮੋਨਿਕਾ ਗੋਇਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਹਸਪਤਾਲ ਦੇ ਸਮੂਹ ਸਟਾਫ਼ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਅੰਦਾਜ਼ ਵਿੱਚ ਲੋਹੜੀ ਦੀ ਧੂਣੀ ਬਾਲ ਕੇ ਕੀਤੀ ਗਈ, ਜਿਸ ਵਿੱਚ ਸਾਰਿਆਂ ਨੇ ਮੂਗਫਲੀ, ਰਿਉੜੀਆਂ ਅਤੇ ਤਿਲ ਅਰਪਿਤ ਕਰਕੇ ਸੁਖ-ਸ਼ਾਂਤੀ ਦੀ ਕਾਮਨਾ ਕੀਤੀ। ਸਟਾਫ਼ ਮੈਂਬਰਾਂ ਨੇ ਸੱਭਿਆਚਾਰ ਦੀ ਪੇਸ਼ਕਾਰੀ ਕਰਦਿਆਂ ਲੋਹੜੀ ਨਾਲ ਸਬੰਧਤ ਰਵਾਇਤੀ ਬੋਲੀਆਂ ਅਤੇ ਲੋਕ ਗੀਤ ਗਾ ਕੇ ਖ਼ੂਬ ਰੰਗ ਬੰਨ੍ਹਿਆ। ਗੀਤਾਂ ਦੀ ਥਾਪ 'ਤੇ ਸਾਰਿਆਂ ਨੇ ਤਿਉਹਾਰ ਦਾ ਆਨੰਦ ਮਾਣਿਆ। ਹਸਪਤਾਲ ਦੇ ਸੰਚਾਲਕ ਡਾਕਟਰ ਜੋਨੀ ਗੁਪਤਾ ਨੇ ਆਖਿਆ ਕਿ ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰੇ ਅਤੇ ਖ਼ੁਸ਼ੀਆਂ ਦਾ ਪ੍ਰਤੀਕ ਹੈ। ਹਸਪਤਾਲ ਪਰਿਵਾਰ ਦੇ ਨਾਲ ਇਸ ਤਰ੍ਹਾਂ ਦੇ ਆਯੋਜਨ ਕੰਮ ਦੇ ਤਣਾਅ ਨੂੰ ਘੱਟ ਕਰਦੇ ਹਨ ਅਤੇ ਟੀਮ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।" ਤਿਉਹਾਰ ਦੀ ਖ਼ੁਸ਼ੀ ਸਾਂਝੀ ਕਰਦਿਆਂ ਹਾਜ਼ਰ ਸਾਰੇ ਲੋਕਾਂ ਅਤੇ ਸਟਾਫ਼ ਵਿੱਚ ਮਿਠਾਈਆਂ ਵੰਡੀਆਂ ਗਈਆਂ। ਇਸ ਮੌਕੇ ਡਾ. ਜੋਨੀ ਗੁਪਤਾ ਅਤੇ ਡਾ. ਮੋਨਿਕਾ ਗੋਇਲ ਦੇ ਨਾਲ ਰਿਧੀਮਾ ਗੁਪਤਾ, ਕਵਿਸ਼ ਗੁਪਤਾ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਕੌਰ ਵੜੈਚ, ਜੋਤੀ ਰਾਣੀ ਸਮੇਤ ਹਸਪਤਾਲ ਦਾ ਹੋਰ ਸਟਾਫ਼ ਵੀ ਮੌਜੂਦ ਸੀ।