ਕਿਹਾ ਮੁਲਕ ਦੀ ਤਰੱਕੀ 'ਚ ਵਪਾਰੀਆਂ ਦਾ ਵੱਡਾ ਯੋਗਦਾਨ
ਸੁਨਾਮ : ਮੁਲਕ ਦੀ ਤਰੱਕੀ ਚ ਵੱਡਾ ਯੋਗਦਾਨ ਪਾਉਣ ਵਾਲੇ ਵਪਾਰੀ ਵਰਗ ਦੇ ਚੰਗੇ ਭਵਿੱਖ ਲਈ ਸਰਕਾਰਾਂ ਨੂੰ ਵਪਾਰੀ ਪੱਖੀ ਫ਼ੈਸਲੇ ਲੈਣ ਦੀ ਲੋੜ ਹੈ। ਵਪਾਰੀ ਵਰਗ ਸਰਕਾਰਾਂ ਦੇ ਖ਼ਜਾਨੇ ਵਿੱਚ ਟੈਕਸ ਵਜੋਂ ਵੱਡੀ ਅਦਾਇਗੀ ਕਰਦੇ ਹਨ ਲੇਕਿਨ ਬਾਵਜੂਦ ਇਸਦੇ ਵਪਾਰੀ ਵਰਗ ਪ੍ਰਤੀ ਸਰਕਾਰਾਂ ਦੀ ਅਣਦੇਖੀ ਦੇ ਚਲਦਿਆਂ ਵਪਾਰੀ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਵਪਾਰੀ ਵਰਗ ਦੀਆਂ ਹਾਲਤਾਂ ਬਹੁਤੀਆਂ ਵਧੀਆ ਨਹੀਂ ਹਨ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਯੂਨਿਟ ਸੁਨਾਮ ਦੇ ਪ੍ਰਧਾਨ ਪਵਨ ਗੁੱਜਰਾਂ ਦੀ ਅਗਵਾਈ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨਿਟ ਪ੍ਰਧਾਨ ਪਵਨ ਗੁੱਜਰਾਂ ਨੇ ਆਖਿਆ ਕਿ ਵਪਾਰੀ ਵਰਗ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੋਂ ਵਪਾਰੀਆਂ ਨੂੰ ਸਹੂਲਤਾਂ ਦੇਣ ਦੀ ਮੰਗ ਲਗਾਤਾਰ ਕਰਦਾ ਆ ਰਿਹਾ ਹੈ ਪਰੰਤੂ ਵਪਾਰੀਆਂ ਪ੍ਰਤੀ ਸਰਕਾਰਾਂ ਦੀ ਅਣਦੇਖੀ ਵਪਾਰੀ ਵਰਗ ਨੂੰ ਨਿਰਾਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਵਪਾਰੀ ਦੇਸ਼ ਅਤੇ ਸੂਬੇ ਵਿੱਚ ਰੁਜ਼ਗਾਰ ਦੀ ਸਿਰਜਣਾ ਪੱਖੋਂ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ ਇਸਦੇ ਬਾਵਜੂਦ ਵੀ ਨਾ ਤਾਂ ਵਪਾਰੀ ਸੁਰੱਖਿਅਤ ਹੈ ਅਤੇ ਨਾ ਹੀ ਉਸਦਾ ਰੁਜ਼ਗਾਰ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਵਿੱਚ ਵਪਾਰੀਆਂ ਨਾਲ ਕਈ ਅਣਹੋਣੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਪਰੰਤੂ ਸਰਕਾਰ ਵੱਲੋਂ ਵਪਾਰੀਆਂ ਦੀ ਕੋਈ ਸੁਰੱਖਿਆ ਯਕੀਨੀ ਨਹੀਂ ਬਣਾਈ ਜਾ ਰਹੀ। ਉਹਨਾਂ ਕਿਹਾ ਕਿ ਵਪਾਰੀ ਵਰਗ ਟੈਕਸ ਵਜੋਂ ਅਦਾ ਕੀਤੀ ਜਾਣ ਵਾਲੀ ਜੀ.ਐਸ.ਟੀ. ਦੇ ਆਧਾਰ ਤੇ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਲਗਾਈ ਜਾਵੇ ਅਤੇ ਇਹ ਮੰਗ ਵਪਾਰੀ ਵਰਗ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਿਛਲੇ ਦੌਰਾਨ ਆਈ ਕੋਰੋਨਾ ਮਹਾਂਮਾਰੀ ਦੌਰਾਨ ਸਮੂਹ ਵਪਾਰੀਆਂ ਦਾ ਆਮ ਲੋਕਾਂ ਪ੍ਰਤੀ ਰਵਈਆ ਪਾਜੇਟਿਵ ਰਿਹਾ ਹੈ ਜਦਕਿ ਆਨਲਾਈਨ ਵਪਾਰ ਨੇ ਵਪਾਰੀਆਂ ਦੇ ਵਪਾਰ ਉਪਰ ਮਾੜਾ ਅਸਰ ਪਾਇਆ ਹੈ ਅਤੇ ਆਨਲਾਈਨ ਵਪਾਰ ਵਪਾਰੀ ਵਰਗ ਦੇ ਉਲਟ ਹੈ। ਉਹਨਾਂ ਕਿਹਾ ਕਿ ਕਈ ਸਮੱਸਿਆਵਾਂ ਨਾਲ ਘਿਰੇ ਵਪਾਰੀ ਵਰਗ ਨੂੰ ਇਸ ਵਿੱਚੋਂ ਬਾਹਰ ਕੱਢਣ ਲਈ ਸਰਕਾਰਾਂ ਠੋਸ ਕਦਮ ਚੁੱਕਣ ਦੀ ਲੋੜ ਹੈ। ਇਸ ਮੌਕੇ ਯੂਨਿਟ ਸਕੱਤਰ ਚੰਦਰ ਪ੍ਰਕਾਸ਼, ਇਲੈਕਟ੍ਰਿਕ ਐਸੋ. ਪ੍ਰਧਾਨ ਸੋਮ ਨਾਥ ਵਰਮਾ, ਮਿੰਦੀ ਬਿਜਲੀ ਵਾਲਾ, ਤਰਸੇਮ ਸਿੰਗਲਾ, ਸ਼ੰਮੀ, ਨਾਜਰ ਸਿੰਘ ਮਾਨ ਆਦਿ ਵੀ ਮੌਜੂਦ ਸਨ।