ਘੜੂਆਂ : ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਵੱਡੀ ਤਰਜੀਹ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਸਰਦੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਹਤ ਵਿਭਾਗ ਵੱਲੋਂ ਲਗਾਤਾਰ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸਿਵਲ ਸਰਜਨ ਮੋਹਾਲੀ ਡਾ. ਸੰਗੀਤਾ ਜੈਨ ਦੀ ਰਾਹਨੁਮਾਈ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਵੱਲੋਂ ਠੰਢੇ ਮੌਸਮ ਦੌਰਾਨ ਸਾਵਧਾਨੀਆਂ ਸਬੰਧੀ ਸਿਹਤ ਸਲਾਹ ਜਾਰੀ ਕੀਤੀ ਗਈ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਜ਼ੁਕਾਮ, ਖਾਂਸੀ, ਗਲਾ ਦਰਦ, ਫ਼ਲੂ, ਸਾਹ ਦੀਆਂ ਬਿਮਾਰੀਆਂ, ਦਮ, ਦਿਲ ਦੀਆਂ ਸਮੱਸਿਆਵਾਂ ਅਤੇ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ, ਵੱਡੀ ਉਮਰ ਦੇ ਵਿਅਕਤੀ, ਗਰਭਵਤੀ ਮਹਿਲਾਵਾਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
ਡਾ. ਖੁਰਾਣਾ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਗਰਮ ਕੱਪੜੇ ਪਹਿਨਣ, ਸਿਰ, ਗਰਦਨ ਅਤੇ ਕੰਨ ਢੱਕ ਕੇ ਰੱਖਣ, ਠੰਢੀ ਹਵਾ ਤੋਂ ਬਚਣ ਅਤੇ ਸਵੇਰੇ ਤੇ ਰਾਤ ਦੇ ਸਮੇਂ ਬੇਲੋੜੀ ਘਰ ਤੋਂ ਬਾਹਰ ਨਾ ਨਿਕਲਣ। ਨਾਲ ਹੀ ਗਰਮ ਪਾਣੀ ਪੀਣ, ਪੌਸ਼ਟਿਕ ਭੋਜਨ ਲੈਣ ਅਤੇ ਸਾਫ਼-ਸੁਥਰੇ ਮਾਹੌਲ ਨੂੰ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨੂੰ ਠੰਢੇ ਮੌਸਮ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਹੀ ਜਾਣਕਾਰੀ, ਸਾਵਧਾਨੀ ਅਤੇ ਸਮੇਂ ਸਿਰ ਇਲਾਜ ਨਾਲ ਸਰਦੀ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਸੀਨੀਅਰ ਮੈਡੀਕਲ ਅਫ਼ਸਰ ਨੇ ਅਪੀਲ ਕੀਤੀ ਕਿ ਜੇ ਕਿਸੇ ਵਿਅਕਤੀ ਨੂੰ ਲੰਮੇ ਸਮੇਂ ਤੱਕ ਬੁਖਾਰ, ਖਾਂਸੀ, ਸਾਹ ਲੈਣ ਵਿੱਚ ਦਿੱਕਤ ਜਾਂ ਹੋਰ ਕੋਈ ਗੰਭੀਰ ਲੱਛਣ ਨਜ਼ਰ ਆਉਣ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਸੰਪਰਕ ਕੀਤਾ ਜਾਵੇ।