ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਸੁਨਾਮ ਅਤੇ ਲੌਂਗੋਵਾਲ ਵਿੱਚ ਨਗਰ ਕੌਂਸਲਾਂ ਲਈ ਵਾਰਡਾਂ ਦੀ ਹੱਦਬੰਦੀ ਪ੍ਰਕਿਰਿਆ ਸ਼ੁਰੂ ਕਰਨ 'ਤੇ ਸਵਾਲ ਖੜ੍ਹੇ ਕੀਤੇ ਹਨ। ਗੋਲਡੀ ਨੇ ਇਸ ਫੈਸਲੇ ਨੂੰ ਸਿੱਖ ਇਤਿਹਾਸ ਅਤੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦੌਰਾਨ ਮੰਦਭਾਗਾ ਕਰਾਰ ਦਿੱਤਾ ਹੈ। ਧਾਰਮਿਕ ਭਾਵਨਾਵਾਂ ਨਾਲ ਛੇੜਛਾੜ ਦਾ ਦੋਸ਼ ਲਗਾਉਂਦੇ ਹੋਏ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਇਹ ਸਮਾਂ (ਦਸੰਬਰ ਦਾ ਆਖਰੀ ਹਫ਼ਤਾ) ਸਮੁੱਚੇ ਸਿੱਖ ਭਾਈਚਾਰੇ ਲਈ ਬਹੁਤ ਪਵਿੱਤਰ ਅਤੇ ਸੰਵੇਦਨਸ਼ੀਲ ਹੈ। ਸਮੁੱਚਾ ਭਾਈਚਾਰਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇ ਰਿਹਾ ਹੈ। ਅਜਿਹੇ ਸੋਗਮਈ ਅਤੇ ਸਤਿਕਾਰਤ ਸਮੇਂ ਦੌਰਾਨ ਰਾਜਨੀਤਕ ਲਾਭ ਲਈ ਵਾਰਡਾਂ ਨੂੰ ਕੱਟਣਾ ਸਰਕਾਰ ਦੀ ਸੌੜੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸ਼ਹੀਦੀ ਹਫ਼ਤੇ ਦੌਰਾਨ ਵਾਰਡਾਂ ਦੀ ਹੱਦਬੰਦੀ ਪ੍ਰਕਿਰਿਆ ਸ਼ੁਰੂ ਕਰਨ ਵਿੱਚ ਇੰਨੀ ਜਲਦੀ ਕੀ ਸੀ। ਕੀ ਤੁਸੀਂ ਕੁੱਝ ਦਿਨ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਸੀ?" ਉਨ੍ਹਾਂ ਕਿਹਾ ਕਿ ਸੱਤਾ ਆਉਂਦੀ ਹੈ ਅਤੇ ਜਾਂਦੀ ਹੈ, ਪਰ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਸਦੀਆਂ ਤੱਕ ਸਮਾਜ ਦਾ ਮਾਰਗਦਰਸ਼ਨ ਕਰਦੀਆਂ ਰਹਿਣਗੀਆਂ। ਸਰਕਾਰ ਨੂੰ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਫੈਸਲੇ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਰਾਜਸੀ ਲਾਹਾ ਲੈਣ ਲਈ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਭਗਵੰਤ ਮਾਨ ਸਰਕਾਰ ਦਖ਼ਲ ਅੰਦਾਜ਼ੀ ਕਰ ਰਹੀ ਹੈ।