ਸੁਨਾਮ : ਉਪ ਮੰਡਲ ਮੈਜਿਸਟਰੇਟ, ਸੁਨਾਮ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਡੇਰਿਆਂ ਦੇ ਮੁਹਤਮਿਮ (ਪ੍ਰਬੰਧਕ/ਦੇਖਭਾਲ ਕਰਨ ਵਾਲੇ) ਵੱਲੋਂ ਡੇਰਿਆਂ ਦੀਆਂ ਜ਼ਮੀਨਾਂ ਨੂੰ ਵੇਚਣ ਜਾਂ 99 ਸਾਲਾ ਲੀਜ਼ 'ਤੇ ਦੇਣ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤਹਿਤ ਜਾਰੀ ਸਪੱਸ਼ਟ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡੇਰੇ ਦੀ ਜ਼ਮੀਨ ਕਿਸੇ ਵੀ ਰੂਪ ਵਿੱਚ ਤਬਦੀਲ ਨਹੀਂ ਕੀਤੀ ਜਾ ਸਕਦੀ। ਗਿਰਦਾਵਰੀ ਸਬੰਧੀ ਹੁਕਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡੇਰੇ ਦੇ ਨਾਮ 'ਤੇ ਚੱਲ ਰਹੀ ਗਿਰਦਾਵਰੀ ਨੂੰ ਵੀ ਕਿਸੇ ਹੋਰ ਦੇ ਨਾਮ 'ਤੇ ਤਬਦੀਲ ਨਹੀਂ ਕੀਤਾ ਜਾ ਸਕਦਾ। ਗਿਰਦਾਵਰੀ ਸਿਰਫ਼ ਡੇਰੇ ਦੇ ਨਾਮ 'ਤੇ ਹੀ ਰਹੇਗੀ। ਖਰੀਦੋ-ਫਰੋਖਤ 'ਤੇ ਰੋਕ ਸਬੰਧੀ ਡੇਰੇ ਦੇ ਮੁਹਤਮਿਮ ਸਿਰਫ਼ ਜਾਇਦਾਦ ਦੇ ਰਖਵਾਲੇ ਹਨ। ਉਨ੍ਹਾਂ ਕੋਲ ਜ਼ਮੀਨ ਵੇਚਣ, ਤੋਹਫ਼ੇ ਵਜੋਂ ਦੇਣ ਜਾਂ 99 ਸਾਲਾ ਲੀਜ਼ 'ਤੇ ਦੇਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਉਨ੍ਹਾਂ ਆਮ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜਿਹੀਆਂ ਜ਼ਮੀਨਾਂ ਦਾ ਕੋਈ ਵੀ ਸੌਦਾ ਨਾ ਕਰਨ। ਜੇਕਰ ਕੋਈ ਅਜਿਹਾ ਕਰਦਾ ਹੈ, ਤਾਂ ਉਹ ਖੁਦ ਜ਼ਿੰਮੇਵਾਰ ਹੋਵੇਗਾ ਕਿਉਂਕਿ ਅਜਿਹੀ ਕਿਸੇ ਵੀ ਤਬਦੀਲੀ ਨੂੰ ਕਾਨੂੰਨੀ ਮਾਨਤਾ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਪ੍ਰਬੰਧਕਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।