Wednesday, December 24, 2025

Malwa

ਸ਼ਹੀਦੀ ਸਭਾ: ਫਤਹਿਗੜ੍ਹ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 3400 ਪੁਲਿਸ ਕਰਮੀਆਂ, 22 ਪਾਰਕਿੰਗ ਸਥਾਨ, ਸ਼ਟਲ ਬੱਸਾਂ

December 24, 2025 05:24 PM
SehajTimes

ਟਰੈਫਿਕ ਅਤੇ ਪਾਰਕਿੰਗ ਪ੍ਰਬੰਧਾਂ ਦੀ ਨਿਗਰਾਨੀ ਲਈ ਕੀਤੀ ਜਾ ਰਹੀ ਹੈ ਡਰੋਨਾਂ ਦੀ ਵਰਤੋਂ : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ

ਫਤਹਿਗੜ੍ਹ ਸਾਹਿਬ : ਸ਼ਹੀਦੀ ਸਭਾ ਦੇ ਮੱਦੇਨਜ਼ਰ ਪੁਲਿਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਫਤਹਿਗੜ੍ਹ ਸਾਹਿਬ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਜ਼ਿਲ੍ਹੇ ਵਿੱਚ ਸੁਚਾਰੂ ਅਤੇ ਸੁਰੱਖਿਅਤ ਢੰਗ ਨਾਲ ਸਮਾਗਮ ਯਕੀਨੀ ਬਣਾਇਆ ਜਾ ਸਕੇ। ਦਸਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ - ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਦੀ ਲਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਸਭਾ 25 ਦਸੰਬਰ ਤੋਂ 27 ਦਸੰਬਰ, 2025 ਤੱਕ ਫਤਿਹਗੜ੍ਹ ਸਾਹਿਬ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਪੂਰੇ ਖੇਤਰ ਨੂੰ ਯੋਜਨਾਬੱਧ ਢੰਗ ਨਾਲ ਛੇ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਦੁਨੀਆ ਭਰ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸੁਰੱਖਿਆ, ਸੁਚੱਜੀ ਆਵਾਜਾਈ ਅਤੇ ਲੋੜੀਂਦੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਛੇ ਐਸ.ਪੀ. ਰੈਂਕ ਦੇ ਅਧਿਕਾਰੀਆਂ ਅਤੇ 24 ਡੀ.ਐਸ.ਪੀ. ਰੈਂਕ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ 3400 ਤੋਂ ਵੱਧ ਪੁਲਿਸ ਕਰਮੀਆਂ ਦੀ ਨਫ਼ਰੀ ਵਾਲੀ ਫੋਰਸ ਤਾਇਨਾਤ ਕੀਤੀ ਗਈ ਹੈ।

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਜਿਨ੍ਹਾਂ ਦੇ ਨਾਲ ਡੀ.ਆਈ.ਜੀ. ਰੋਪੜ ਰੇਂਜ ਨਾਨਕ ਸਿੰਘ ਅਤੇ ਐਸ.ਐਸ.ਪੀ. ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਵੀ ਮੌਜੂਦ ਸਨ, ਨੇ ਸ਼ਹੀਦੀ ਸਭਾ ਦੇ ਪੁਖਤਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਤਾਇਨਾਤ ਐਸ.ਪੀ. ਅਤੇ ਡੀਐਸਪੀ ਰੈਂਕ ਦੇ ਸਾਰੇ ਅਧਿਕਾਰੀਆਂ ਅਤੇ ਪੁਲਿਸ ਫੋਰਸ ਨੂੰ ਤਨਦੇਹੀ ਸੇਵਾ ਨਿਭਾਉਣ ਦੀ ਹਦਾਇਤ ਕੀਤੀ । ਉਨ੍ਹਾਂ ਨੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ, ਸੰਗਤ ਨਾਲ ਬਹੁਤ ਨਿਮਰਤਾ ਤੇ ਹਲੀਮੀ ਨਾਲ ਪੇਸ਼ ਆਉਣ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਸ਼ਰਧਾ-ਭਾਵਨਾ ਤੇ ਦ੍ਰਿੜਤਾ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਸਾਰੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਸ਼ਹੀਦੀ ਸਭਾ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਕਈ ਨਵੀਆਂ ਪਹਿਲਕਦਮੀਆਂ ਲਾਗੂ ਕੀਤੀਆਂ ਗਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਮੱਥਾ ਟੇਕਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਵਿਸ਼ੇਸ਼ ਡੀਜੀਪੀ ਨੇ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਕੁੱਲ 22 ਪਾਰਕਿੰਗ ਸਲਾਟ ਰੱਖੇ ਗਏ ਹਨ ਅਤੇ ਪਾਰਕਿੰਗ ਏਰੀਆ ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਚਕਾਰ ਸ਼ਟਲ ਬੱਸ ਸੇਵਾ ਵੀ ਉਪਲਬਧ ਰਹੇਗੀ। ਨਿਰਵਿਘਨ ਟਰੈਫਿਕ ਪ੍ਰਬੰਧਨ ਅਤੇ ਸੰਗਤਾਂ ਦੀ ਘੱਟ ਤੋਂ ਘੱਟ ਅਸੁਵਿਧਾ ਲਈ ਪੁਲਿਸ ਨੇ ਗੂਗਲ ਦੇ ਤਾਲਮੇਲ ਨਾਲ ਪਾਰਕਿੰਗਾਂ ਵਾਸਤੇ ਰੀਅਲ-ਟਾਈਮ ਜੀਓ-ਟੈਗਿੰਗ ਅਤੇ ਸ਼ਰਧਾਲੂਆਂ ਦੇ ਮਾਰਗਦਰਸ਼ਨ ਕਰਨ ਲਈ ਸਾਈਨ ਬੋਰਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹਾਇਤਾ ਲਈ ਛੇ ਹੈਲਪ ਡੈਸਕ, ਜਿਸ ਵਿੱਚ ਇੱਕ ਪੁਲਿਸ ਡੈਸਕ, ਡਾਕਟਰੀ ਸਹਾਇਤਾ ਅਤੇ ਅੱਗ ਬੁਝਾਊ ਯੰਤਰ ਸ਼ਾਮਲ ਹਨ, ਵੀ ਸਥਾਪਤ ਕੀਤੇ ਗਏ ਹਨ। ਇਸ ਤੋਂ ਇਲਾਵਾ, ਇੱਕ ਏਕੀਕ੍ਰਿਤ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।

ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਟਰੈਫਿਕ ਅਤੇ ਪਾਰਕਿੰਗ ਪ੍ਰਬੰਧਾਂ ਦੀ ਨਿਗਰਾਨੀ ਲਈ ਛੇ ਡਰੋਨ ਅਤੇ 300 ਸੀਸੀਟੀਵੀ ਕੈਮਰੇ ਵਰਤੇ ਜਾ ਰਹੇ ਹਨ। ਇਸ ਦੌਰਾਨ, ਸੜਕ ਸੁਰੱਖਿਆ ਨੂੰ ਵਧਾਉਣ ਅਤੇ ਧੁੰਦ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਪਹਿਲਕਦਮੀ ਤਹਿਤ ਪੁਲਿਸ ਟੀਮਾਂ ਵੱਲੋਂ ਟਰੈਕਟਰ-ਟਰਾਲੀਆਂ ’ਤੇ ਰਿਫਲੈਕਟਰ ਸਟਿੱਕਰ ਵੀ ਲਗਾਏ ਜਾਣਗੇ।

Have something to say? Post your comment