ਸੰਪਾਦਕ ਗਿਆਨੀ ਜੰਗੀਰ ਸਿੰਘ ਰਤਨ ਨੇ ਕੀਤੀ ਜਾਣਕਾਰੀ ਸਾਂਝੀ
ਸੁਨਾਮ : ਸਾਹਿਤ ਸਭਾ ਸੁਨਾਮ ਵੱਲੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਸਮਾਗਮ ਵਿੱਚ ਸਾਹਿਤ ਸਭਾ ਦਾ ਸਾਂਝਾ ਕਾਵਿ ਸੰਗ੍ਰਹਿ "ਸਮਿਆਂ ਦੇ ਸ਼ੀਸ਼ੇ" ਲੋਕ ਅਰਪਣ ਕੀਤਾ ਗਿਆ। ਪੁਸਤਕ ਦੇ ਸੰਪਾਦਕ ਜੰਗੀਰ ਸਿੰਘ ਰਤਨ ਨੇ ਦੱਸਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ 36 ਕਵੀਆਂ ਅਤੇ ਦੋ ਕਵਿਤਰੀਆਂ ਦੀਆਂ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਾਵਿ ਸੰਗ੍ਰਹਿ ਵਿੱਚ ਮਨਜੀਤ ਸਿੰਘ ਕਾਸਿਬ, ਦੇਵਾ ਸਿੰਘ ਸਾਗਰ, ਹਰਦੀਪ ਸਿੰਘ ਚਮਕ, ਆਬਿਦ ਸੁਨਾਮੀ, ਬਾਬੂ ਬਿਰਜ ਲਾਲ ਧਰਮਗੜ੍ਹ, ਜਗਨ ਨਾਥ ਜਿੰਦਲ, ਡਾਕਟਰ ਬਚਨ ਝਨੇੜੀ ਆਦਿ ਮਰਹੂਮ ਕਵੀਆਂ ਦੀਆਂ ਰਚਨਾਵਾਂ ਵੀ ਸਤਿਕਾਰ ਸਹਿਤ ਦਰਜ ਕੀਤੀਆਂ ਗਈਆਂ ਹਨ। ਇਸ ਦੇ ਨਾਲ ਨਾਲ ਇਸ ਵਿੱਚ ਸਾਹਿਤ ਸਭਾ ਸੁਨਾਮ ਦਾ ਸੰਨ 1960 ਤੋਂ ਲੈਕੇ ਅੱਜ ਤੀਕਰ ਦਾ ਇਤਿਹਾਸ ਵੀ ਦਰਜ ਕੀਤਾ ਗਿਆ ਹੈ। ਇਸ ਕਾਵਿ ਸੰਗ੍ਰਹਿ ਨੂੰ ਪ੍ਰਕਾਸ਼ਿਤ ਕਰਵਾਉਣ ਲਈ ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਸਵਰਗੀ ਹਰਦੇਵ ਸਿੰਘ ਧਾਲੀਵਾਲ(ਐਸ. ਐਸ. ਪੀ. ਰਿਟਾ.) ਦੇ ਸਪੁੱਤਰ ਗੁਰਿੰਦਰਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਭਲਾਈ ਅਫ਼ਸਰ, ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਵੱਲੋਂ ਆਰਥਿਕ ਸਹਿਯੋਗ ਦਿੱਤਾ ਗਿਆ ਹੈ। ਲੋਕ ਅਰਪਣ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਹਰਨੇਕ ਸਿੰਘ ਢੋਟ ਸੇਵਾ ਮੁਕਤ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਹਿਤ ਸਭਾ ਸੁਨਾਮ ਦਾ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਕਵੀਆਂ ਤੇ ਲੇਖਕਾਂ ਦੀਆਂ ਲਿਖਤਾਂ ਨੂੰ ਜੇ ਕਿਤਾਬੀ ਰੂਪ ਵਿੱਚ ਨਾ ਸੰਭਾਲਿਆ ਜਾਏ ਤਾਂ ਉਹ ਸਮੇਂ ਨਾਲ ਹੌਲੀ ਹੌਲੀ ਖੁਰ ਜਾਂਦੀਆਂ ਹਨ ਅਤੇ ਅਸੀਂ ਉਹਨਾਂ ਵਿਦਵਾਨਾਂ ਦੇ ਕੀਮਤੀ ਸਾਹਿਤਕ ਸਰਮਾਏ ਤੋਂ ਵਿਰਵੇ ਹੋ ਜਾਂਦੇ ਹਾਂ। ਗਿਆਨ ਵਿਗਿਆਨ ਦੇ ਕੀਮਤੀ ਸਰਮਾਏ ਨੂੰ ਭਵਿੱਖ ਲਈ ਪੁਸਤਕਾਂ ਹੀ ਸੰਭਾਲ ਕੇ ਰੱਖਦੀਆਂ ਹਨ। ਵਿਸ਼ੇਸ਼ ਮਹਿਮਾਨ ਸ਼ਮਿੰਦਰ ਸਿੰਘ ਚੌਹਾਨ, ਐਸ.ਪੀ. (ਐਕਸਾਈਜ਼ ਟੈਕਸੇਸ਼ਨ) ਨੇ ਵੀ ਸਾਹਿਤ ਸਭਾ ਅਤੇ ਧਾਲੀਵਾਲ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਹਿਤ ਸਭਾ ਵੱਲੋਂ ਡਾਕਟਰ ਹਰਨੇਕ ਸਿੰਘ ਢੋਟ, ਸ਼ਮਿੰਦਰ ਸਿੰਘ ਚੌਹਾਨ, ਗੁਰਿੰਦਰ ਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਨ ਨੂੰ ਸਨਮਾਨਿਤ ਵੀ ਕੀਤਾ ਗਿਆ। ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਭੋਲਾ ਸਿੰਘ ਸੰਗਰਾਮੀ ਵੱਲੋਂ ਆਪਣੇ ਗੀਤ ਰਾਹੀਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪਵਨ ਕੁਮਾਰ ਹੋਸੀ, ਸੁਰਜੀਤ ਸਿੰਘ ਮੌਜੀ, ਬਹਾਦਰ ਸਿੰਘ ਧੌਲਾ, ਜਸਕਰਨ ਸਿੰਘ, ਕਰਮ ਸਿੰਘ ਜ਼ਖਮੀ, ਮਿਲਖਾ ਸਿੰਘ ਸਨੇਹੀ, ਗੁਰ ਸੇਵਕ ਸਿੰਘ ਪ੍ਰੀਤ ਗੋਰਖਾ, ਸੁਖਦੇਵ ਸਿੰਘ, ਐਡਵੋਕੇਟ ਰਮੇਸ਼ ਕੁਮਾਰ, ਸੁਰੇਸ਼ ਚੌਹਾਨ, ਦਰਸ਼ਨ ਥਿੰਦ, ਗੁਰਜੰਟ ਸਿੰਘ ਉਗਰਾਹਾਂ, ਅਵਤਾਰ ਸਿੰਘ, ਬਲਵਿੰਦਰ ਸਿੰਘ ਜ਼ਿਲੇਦਾਰ, ਹਰਮੇਲ ਸਿੰਘ, ਜਸਵੰਤ ਸਿੰਘ ਅਸਮਾਨੀ, ਡਾ. ਅਮਰੀਕ ਅਮਨ, ਹਰਦੀਪ ਸਿੰਘ ਕੜੈਲ, ਝਰਮਲ ਸਿੰਘ ਝੱਲੀ ਵੱਲੋਂ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ।