ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਡਾ. ਐੱਸ. ਜੈ ਸ਼ੰਕਰ ਨੂੰ ਪੱਤਰ ਲਿਖ ਕੇ ਨਿਊਜ਼ੀਲੈਂਡ ਸਰਕਾਰ ਕੋਲ ਕੂਟਨੀਤਕ ਪੱਧਰ ’ਤੇ ਮਾਮਲਾ ਉਠਾ ਕੇ ਓਥੇ ਭਵਿੱਖ ਵਿੱਚ ਨਗਰ ਕੀਰਤਨ ਵਰਗੇ ਧਾਰਮਿਕ ਸਮਾਗਮਾਂ ਦੀ ਨਿਰਵਿਘਨਤਾ, ਸਿੱਖ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਅਤੇ ਹਿੰਦੂ–ਸਿੱਖ ਸਮੇਤ ਸਮੂਹ ਭਾਰਤੀ ਭਾਈਚਾਰੇ ਲਈ ਸੁਰੱਖਿਅਤ ਤੇ ਸਹਿਯੋਗੀ ਮਾਹੌਲ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ‘ਹਾਕਾ’ ਕਰਕੇ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੱਟੜਪੰਥੀ ਅਤੇ ਨਫ਼ਰਤੀ ਤੱਤਾਂ ਦੀਆਂ ਸਰਗਰਮੀਆਂ ’ਤੇ ਰੋਕ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਨਿਊਜ਼ੀਲੈਂਡ, ਜੋ ਦੁਨੀਆ ਦੇ ਸਭ ਤੋਂ ਅਮਨ-ਪਸੰਦ ਦੇਸ਼ਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਵਿੱਚ ਸਿੱਖ ਭਾਈਚਾਰੇ ਵੱਲੋਂ ਸ਼ਹੀਦੀ ਦਿਹਾੜਿਆਂ ਦੇ ਸੰਦਰਭ ’ਚ ਪੂਰੀ ਸ਼ਾਂਤੀ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਨੂੰ ਉੱਥੋਂ ਦੇ ਇੱਕ ਚਰਚਿਤ ਅਤੇ ਵਿਵਾਦਿਤ ਕੱਟੜਪੰਥੀ ਬ੍ਰਾਇਨ ਤਮਾਕੀ ਦੀ ਅਗਵਾਈ ਵਾਲੇ “ਡੈਸਟਨੀ ਗਰੁੱਪ” ਵੱਲੋਂ ਰੋਕਣ ਅਤੇ ਖ਼ਲਲ ਪਾਉਣ ਦੀ ਕੀਤੀ ਗਈ ਕੋਸ਼ਿਸ਼ ਨੇ ਸਿੱਖ ਭਾਈਚਾਰੇ ਨੂੰ ਗਹਿਰੀ ਚਿੰਤਾ ਅਤੇ ਰੋਸ ਵਿੱਚ ਧੱਕ ਦਿੱਤਾ ਹੈ। ਖ਼ਾਸ ਤੌਰ ’ਤੇ ਇਸ ਸੰਵੇਦਨਸ਼ੀਲ ਮਾਹੌਲ ਵਿੱਚ ਵੀ ਸਿੱਖ ਭਾਈਚਾਰੇ ਨੇ ਅਤੁੱਲ ਸੰਜਮ, ਸਹਿਣਸ਼ੀਲਤਾ ਅਤੇ ਸ਼ਾਂਤੀ ਦਾ ਪ੍ਰਦਰਸ਼ਨ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਪਰਹੇਜ਼ ਕੀਤਾ। ਇਹ ਵਰਤਾਓ ਸਿੱਖ ਧਰਮ ਦੀ ਮੂਲ ਸਿੱਖਿਆ “ਸਰਬੱਤ ਦਾ ਭਲਾ”, ਭਰਾਤਰੀ ਭਾਵ ਅਤੇ ਮਨੁੱਖਤਾ ਦੀ ਸੇਵਾ ਦੀ ਜਿਊਂਦੀ ਜਾਗਦੀ ਮਿਸਾਲ ਹੈ।
ਉਨ੍ਹਾਂ ਕਿਹਾ ਕਿ ਨਫ਼ਰਤ ਭਰੀ ਨਾਅਰੇਬਾਜ਼ੀ ਅਤੇ ਉਕਸਾਉਂਦੇ ਬੈਨਰਾਂ ਰਾਹੀਂ ਧਾਰਮਿਕ ਸਮਾਗਮ ਨੂੰ ਨਿਸ਼ਾਨਾ ਬਣਾਉਣਾ ਬੇਹੱਦ ਦੁਖਦਾਈ ਅਤੇ ਨਿੰਦਣਯੋਗ ਹੈ। ਇਹ ਘਟਨਾ ਸਿਰਫ਼ ਧਾਰਮਿਕ ਆਜ਼ਾਦੀ ’ਤੇ ਹੀ ਨਹੀਂ, ਸਗੋਂ ਬਹੁ-ਸਭਿਆਚਾਰਕ ਸਮਾਜਿਕ ਸਾਂਝ ਅਤੇ ਅੰਤਰਰਾਸ਼ਟਰੀ ਧਾਰਮਿਕ ਸਹਿਣਸ਼ੀਲਤਾ ਦੇ ਮੂਲ ਅਸੂਲਾਂ ’ਤੇ ਵੀ ਗੰਭੀਰ ਸਵਾਲ ਖੜੇ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤੱਤ ਪ੍ਰਵਾਸੀ ਭਾਈਚਾਰਿਆਂ ਪ੍ਰਤੀ ਨਫ਼ਰਤ ਦਾ ਜ਼ਹਿਰ ਘੋਲਨ ਦੀ ਕੋਸ਼ਿਸ਼ ਕਰ ਰਹੇ ਹਨ।
ਪ੍ਰੋ. ਖਿਆਲਾ ਨੇ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ, ਇਤਿਹਾਸਕ ਅਤੇ ਵਿਸ਼ਵ ਪੱਧਰੀ ਮਾਨਤਾ ਪ੍ਰਾਪਤ ਧਾਰਮਿਕ ਪਰੰਪਰਾ ਹੈ, ਜੋ ਸਿਰਫ਼ ਸਿੱਖ ਭਾਈਚਾਰੇ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਸਮੂਹ ਸਮਾਜ ਨੂੰ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੀ ਹੈ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਦੁਨੀਆ ਦੇ ਹਰ ਉਸ ਦੇਸ਼ ਤੱਕ, ਜਿੱਥੇ ਵੀ ਸਿੱਖ ਵੱਸਦਾ ਹੈ, ਨਗਰ ਕੀਰਤਨ ਸਿੱਖੀ ਦੀ ਸ਼ਾਂਤੀਪੂਰਵਕ ਪਹਿਚਾਣ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਦੁਨੀਆ ਭਰ ਵਿੱਚ ਸਦਾ ਹੀ ਸਥਾਨਕ ਕਾਨੂੰਨਾਂ, ਸਭਿਆਚਾਰਾਂ ਅਤੇ ਸਮਾਜਕ ਮਰਿਆਦਾਵਾਂ ਦਾ ਸਤਿਕਾਰ ਕਰਦਾ ਆਇਆ ਹੈ ਅਤੇ ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਆਪਣੀ ਵਿਲੱਖਣ ਪਛਾਣ ਬਣਾਈ ਹੈ। ਲੰਗਰ, ਨਿਸ਼ਕਾਮ ਸੇਵਾ ਅਤੇ ਮਨੁੱਖਤਾ ਦੀ ਭਲਾਈ ਰਾਹੀਂ ਸਿੱਖਾਂ ਨੇ ਹਰ ਦੇਸ਼ ਵਿੱਚ ਸਮਾਜਿਕ ਸਾਂਝ ਨੂੰ ਮਜ਼ਬੂਤ ਕੀਤਾ ਹੈ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ ਹਮੇਸ਼ਾਂ ਅੱਗੇ ਵਧ ਕੇ ਸੇਵਾ ਕਰਨੀ ਆਪਣਾ ਕਰਤੱਵ ਮੰਨਿਆ ਹੈ।
ਇਸ ਪ੍ਰਸੰਗ ਵਿੱਚ ਪ੍ਰੋ. ਖਿਆਲਾ ਨੇ ਕਿਹਾ ਕਿ ਧਾਰਮਿਕ ਆਜ਼ਾਦੀ, ਆਪਸੀ ਸਤਿਕਾਰ ਅਤੇ ਬਹੁ-ਸਭਿਆਚਾਰਕ ਸਹਿਣਸ਼ੀਲਤਾ ਹੀ ਕਿਸੇ ਵੀ ਲੋਕਤੰਤਰਿਕ ਅਤੇ ਵਿਕਸਤ ਸਮਾਜ ਦੀ ਅਸਲ ਪਛਾਣ ਹੁੰਦੀ ਹੈ। ਭਾਰਤ, ਜੋ ਸਦਾ ਤੋਂ ਹੀ ਵਿਸ਼ਵ ਨੂੰ ਸ਼ਾਂਤੀ ਦਾ ਮਾਰਗਦਰਸ਼ਨ ਦਿੰਦਾ ਆਇਆ ਹੈ, ਇਸ ਮਾਮਲੇ ਵਿੱਚ ਵੀ ਆਪਣੀ ਨੈਤਿਕ ਅਤੇ ਕੂਟਨੀਤਕ ਭੂਮਿਕਾ ਨਿਭਾਏ, ਇਹ ਸਮੂਹ ਸਿੱਖ ਭਾਈਚਾਰੇ ਦੀ ਭਾਵਨਾ ਹੈ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਾਰਤ ਸਰਕਾਰ ਇਸ ਮਸਲੇ ’ਤੇ ਸੰਵੇਦਨਸ਼ੀਲਤਾ, ਗੰਭੀਰਤਾ ਅਤੇ ਦ੍ਰਿੜ੍ਹਤਾ ਨਾਲ ਕਦਮ ਉਠਾਏਗੀ।
ਉਨ੍ਹਾਂ ਨਿਊਜ਼ੀਲੈਂਡ ਦੇ ਮੋਹਰੀ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਇਸ ਘਟਨਾ ਸਬੰਧੀ ਉੱਥੋਂ ਦੀ ਸਰਕਾਰ ਅਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਤੱਤਾਂ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦਾ ਭਾਵ ਕਿ ਕੋਈ ਸਹਿਯੋਗ ਤੇ ਸਮਰਥਨ ਵੀ ਹਾਸਲ ਨਹੀਂ ਹੈ, ਨਾਲ ਸੰਵਾਦ ਅਤੇ ਵਿਚਾਰ-ਚਰਚਾ ਦਾ ਰਾਹ ਅਪਣਾਇਆ ਜਾਵੇ ਅਤੇ ਗੁਰੂ ਉਪਦੇਸ਼ਾਂ ਦੀ ਸੇਧ ਵਿੱਚ ਹੀ ਇਸ ਮਸਲੇ ਨੂੰ ਸੁਲਝਾਉਣ ਲਈ ਯਤਨ ਕੀਤੇ ਜਾਣ, ਤਾਂ ਜੋ ਤਲਖ਼ੀ ਅਤੇ ਟਕਰਾਅ ਵਾਲੇ ਮਾਹੌਲ ਤੋਂ ਬਚਿਆ ਜਾ ਸਕੇ।
ਪ੍ਰੋ. ਖਿਆਲਾ ਨੇ ਸਪਸ਼ਟ ਕੀਤਾ ਕਿ ਵਿਸ਼ੇਸ਼ ਧਾਰਮਿਕ ਮੌਕਿਆਂ ’ਤੇ ਕੀਰਤਨ ਕਰਦਿਆਂ ਨਗਰ ਵਿੱਚੋਂ ਸ਼ਰਧਾ, ਪ੍ਰੇਮ ਅਤੇ ਸਤਿਕਾਰ ਨਾਲ ਗੁਜ਼ਰਿਆ ਜਾਂਦਾ ਨਗਰ ਕੀਰਤਨ ਨਿਰੋਲ ਧਾਰਮਿਕ ਅਤੇ ਸਿੱਖੀ ਪ੍ਰਚਾਰ ਦਾ ਸਾਧਨ ਹੈ, ਜਿਸ ਵਿੱਚ ਗੱਤਕਾ, ਗੁਰਬਾਣੀ ਕਥਾ-ਵਿਚਾਰ, ਢਾਡੀ ਅਤੇ ਕਵੀਸ਼ਰੀ ਪਰੰਪਰਾਵਾਂ ਵਰਗੇ ਸਿੱਖ ਵਿਰਸੇ ਨਾਲ ਜੁੜੇ ਪਵਿੱਤਰ ਤੱਤ ਸ਼ਾਮਲ ਹੁੰਦੇ ਹਨ। ਇਹ ਨਾ ਤਾਂ ਕਿਸੇ ਵਿਵਾਦ ਦਾ ਵਿਸ਼ਾ ਹਨ ਅਤੇ ਨਾ ਹੀ ਇਨ੍ਹਾਂ ’ਤੇ ਕੋਈ ਸੁਆਲ ਉਠਣ ਦੀ ਗੁੰਜਾਇਸ਼ ਹੈ।
ਉਨ੍ਹਾਂ ਅਖੀਰ ਵਿੱਚ ਕਿਹਾ ਕਿ ਨਗਰ ਕੀਰਤਨ ਅਕਾਲ ਪੁਰਖ ਦੇ ਜੱਸ ਅਤੇ ਕੀਰਤੀ ਦਾ ਉਹ ਪ੍ਰਵਾਹ ਹੈ, ਜੋ ਨਗਰ ਵਿੱਚੋਂ ਗੁਜ਼ਰਦਿਆਂ ਸਾਰੇ ਸਮਾਜ ਨੂੰ ਸ਼ਾਂਤੀ, ਪ੍ਰੇਮ ਅਤੇ ਏਕਤਾ ਦੇ ਰੰਗਾਂ ਨਾਲ ਭਿੱਜਾ ਦਿੰਦਾ ਹੈ। ਇਹ ਸੰਦੇਸ਼ ਅਤੇ ਉਦੇਸ਼ ਬਾਰੇ ਵਿਸ਼ਵ ਨੂੰ ਜਾਣੂ ਕਰਾਉਣ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਸਥਾਵਾਂ ਦੀ ਹੈ।