ਕੇਂਦਰ ਸਰਕਾਰ ਵਾਪਸ ਲਵੇ ਨਵੇਂ ਲਿਆਂਦੇ ਬਿਲ : ਰਣ ਸਿੰਘ ਚੱਠਾ
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸੁਨਾਮ ਦੀ ਮੀਟਿੰਗ ਪ੍ਰਧਾਨ ਕੇਵਲ ਸਿੰਘ ਜਵੰਧਾ ਦੀ ਅਗਵਾਈ ਹੇਠ ਪਿੰਡ ਰਾਮਗੜ੍ਹ ਜਵੰਧਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਸਨਿੱਚਰਵਾਰ ਨੂੰ ਸੁਨਾਮ ਨੇੜਲੇ ਪਿੰਡ ਜਵੰਧਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਦਿੱਲੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਵੱਲੋਂ ਬਿਜਲੀ ਬਿਲ 2020 ਨੂੰ ਵਾਪਿਸ ਲਿਆ ਗਿਆ ਸੀ ਪਰ ਹੁਣ ਫਿਰ ਕੇਂਦਰ ਸਰਕਾਰ ਬਿਜਲੀ ਵਰਗੀ ਜ਼ਰੂਰੀ ਸਹੂਲਤ ਆਮ ਲੋਕਾਂ ਤੋਂ ਖੋਹਣ ਉੱਪਰ ਤੁਲੀ ਹੋਈ ਹੈ, ਉਹ ਬਿਜਲੀ ਬਿਲ 2025 ਲਿਆ ਕੇ ਜਿੱਥੇ ਬਿਜਲੀ ਦਾ ਕੇਂਦਰੀਕਰਨ ਕਰਨਾ ਚਾਹੁੰਦੀ ਹੈ, ਉੱਥੇ ਬਿਜਲੀ ਦਾ ਸਮੁੱਚਾ ਢਾਂਚਾ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਜਾ ਰਹੀ ਹੈ। ਸਰਕਾਰ ਦੇ ਇਨ੍ਹਾਂ ਕਦਮਾਂ ਨਾਲ ਨਾ ਕੇਵਲ ਬਿਜਲੀ ਮਹਿੰਗੀ ਹੋਵੇਗੀ, ਸਗੋਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੀਜ ਐਕਟ ਲਿਆ ਕੇ ਕੇਂਦਰ ਸਰਕਾਰ ਪੂਰਾ ਖੇਤੀ ਬਾਜ਼ਾਰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਜਿਸ ਨਾਲ ਬੀਜ ਕਿਸਾਨੀ ਦੀ ਪਹੁੰਚ ਤੋਂ ਬਾਹਰ ਹੋ ਜਾਵੇਗਾ। ਪ੍ਰਾਈਵੇਟ ਬੀਜ ਕੰਪਨੀਆਂ ਖੇਤੀ ਖੋਜ ਤੇ ਵਪਾਰ ਉੱਪਰ ਕਾਬਜ਼ ਹੋ ਕੇ ਕਿਸਾਨੀ ਦੀ ਅੰਨੇਵਾਹ ਲੁੱਟ ਕਰਨਗੀਆ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਇਨਾਂ ਬਿਲਾਂ ਖਿਲਾਫ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜੇਕਰ ਸਰਕਾਰ ਪਿੱਛੇ ਨਾ ਹਟੀ ਤਾਂ ਵੱਡਾ ਸੰਘਰਸ਼ ਵਿੱਡਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨੀ ਨੂੰ ਖਤਮ ਕਰਨ ਦੇ ਰਾਹ ਤੇ ਤੁਰੀਆਂ ਹੋਈਆਂ ਹਨ, ਕਿਸਾਨਾਂ ਨੂੰ ਹਾੜੀ ਦੀ ਫਸਲ ਬੀਜਣ ਲਈ ਪਹਿਲਾਂ ਡੀਏਪੀ ਖਾਦ ਸਮੇਂ ਸਿਰ ਨਹੀਂ ਮਿਲੀ ਤੇ ਹੁਣ ਯੂਰੀਆ ਖਾਦ ਨਹੀਂ ਮਿਲ ਰਹੀ ਤੇ ਕਿਸਾਨ ਨਿਰਧਾਰਤ ਮੁੱਲ ਤੋਂ ਵੱਧ ਮੁੱਲ ਤੇ ਖਾਦਾਂ ਖਰੀਦਣ ਲਈ ਮਜਬੂਰ ਹਨ , ਉਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਲੋੜੀਂਦੀ ਯੂਰੀਆ ਖਾਦ ਦਾ ਜਲਦ ਕੋਆਪ੍ਰਟਿਵ ਸੋਸਾਇਟੀਆਂ ਵਿੱਚ ਪ੍ਰਬੰਧ ਨਾ ਕੀਤਾ ਗਿਆ ਤਾਂ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ । ਇਸ ਮੌਕੇ ਕਸ਼ਮੀਰ ਸਿੰਘ ਉਗਰਾਹਾਂ, ਕਰਮ ਸਿੰਘ ਨਮੋਲ, ਦਰਸ਼ਨ ਸਿੰਘ ਛਾਜਲਾ, ਗੁਰਮੇਲ ਸਿੰਘ ਸ਼ਾਹਪੁਰ ਕਲਾਂ, ਦਰਸ਼ਨ ਸਿੰਘ ਮਹਿਲਾਂ, ਦਲੇਲ ਸਿੰਘ ਚੱਠਾ, ਭੋਲਾ ਸਿੰਘ ਨੀਲੋਵਾਲ, ਮਲਕੀਤ ਸਿੰਘ ਗੰਢੂਆਂ, ਦੇਵ ਸਿੰਘ ਖਡਿਆਲ, ਭਗਵੰਤ ਸਿੰਘ ਮੈਦੇਵਾਸ, ਵਿੰਦਰ ਸਿੰਘ ਜਵੰਧਾ ਆਦਿ ਹਾਜ਼ਰ ਸਨ।