ਗਰਾਂਊਂਡਾਂ ਵਿਚ ਕਬੱਡੀ ਖਿਡਾਰੀਆਂ ਨੂੰ ਮਾਰੀਆਂ ਜਾ ਰਹੀਆਂ ਨੇ ਗੋਲੀਆਂ
ਮਗਰਲੀਆਂ ਸਰਕਾਰਾਂ ਨੂੰ ਭੰਡਣ ਦੀ ਬਜਾਏ ਆਪਣੀ ਪੀੜ੍ਹੀ ਹੇਠ ਮਾਰੋ ਸੋਟਾ
ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਗੈਂਗਸਟਰਾਂ ਮੂਹਰੇ ਗੋਡੇ ਟੇਕ ਦਿੱਤੇ ਹਨ। ਨਾਮਵਰ ਕਬੱਡੀ ਖਿਡਾਰੀਆਂ ਨੂੰ ਗਰਾਊਂਡਾਂ ਦੇ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਮੰਗਲਵਾਰ ਨੂੰ ਸੁਨਾਮ ਵਿਖੇ ਇੰਟਰਨੈੱਟ ਮੀਡੀਆ ਤੇ ਆਪਣੇ ਅਕਾਊਂਟ ਤੋਂ ਸੂਬਾ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰਦਿਆਂ ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੂਬੇ ਅੰਦਰ ਵਿਗੜੀ ਕਾਨੂੰਨ ਵਿਵਸਥਾ ਲਈ ਮਗਰਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਚਾਰ ਸਾਲ ਬੀਤ ਗਏ ਹਨ। ਉਨ੍ਹਾਂ ਆਖਿਆ ਕਿ ਦੂਜੀਆਂ ਸਰਕਾਰਾਂ ਨੂੰ ਭੰਡਣ ਦੀ ਬਜਾਏ ਸੂਬੇ ਦੀ ਸਰਕਾਰ ਨੂੰ ਆਪਣੇ ਕਾਰਜਕਾਲ ਦੌਰਾਨ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਮੰਤਰੀ ਅਮਨ ਅਰੋੜਾ ਕਬੱਡੀ ਖਿਡਾਰੀ ਦੇ ਕਤਲ ਦਾ ਜਿੰਮਾ ਪਹਿਲੀਆਂ ਸਰਕਾਰਾਂ ਦੇ ਸਿਰ ਲਾਕੇ ਆਪਣੀ ਨਾਕਾਮੀ ਨੂੰ ਲੁਕਾਉਣਾ ਚਾਹੁੰਦੇ ਹਨ , ਅਕਾਲੀ ਦਲ ਦੀ ਸਰਕਾਰ ਗਈ ਨੂੰ 9 ਸਾਲ ਹੋ ਗਏ ਹਨ, ਇਹ ਕਹਿਣਾ ਕਿ ਅਕਾਲੀ ਦਲ ਦੇ ਕੰਡੇ ਬੀਜੇ ਹੋਏ ਹਨ, ਇਸ ਗੱਲ ਦਾ ਪ੍ਰਮਾਣ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਹੈ , ਰਾਜ ਅੰਦਰ ਕਾਨੂੰਨ ਵਿਵਸਥਾ ਵਿਗੜ ਗਈ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ ਕੰਡੇ ਨਹੀਂ ਬੀਜੇ, ਅਕਾਲੀ ਦਲ ਨੇ ਤਾਂ ਵਰਲਡ ਕਬੱਡੀ ਕੱਪ ਕਰਵਾ ਕੇ ਪੰਜਾਬ ਵਿੱਚ ਫੁੱਲ ਬੀਜੇ ਸਨ, ਪ੍ਰੰਤੂ ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਕਰਕੇ ਪੰਜਾਬ ਦੇ ਇਹ ਹਾਲਾਤ ਬਣੇ ਹਨ। ਇਸ ਮੌਕੇ ਸਰਕਲ ਪ੍ਰਧਾਨ ਰਮਨਦੀਪ ਸਿੰਘ ਰਾਣਾ ਬਾਲਟੀਆਂ ਅਤੇ ਭੋਲਾ ਸਿੰਘ ਜਖੇਪਲ ਹਾਜ਼ਰ ਸਨ।