ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਛੋਟੇ ਬੱਚਿਆਂ ਨੂੰ ਨਿਮੋਨੀਆ ਤੋਂ ਬਚਾਅ ਲਈ ਵੱਖ ਵੱਖ ਥਾਵਾਂ ਤੇ ਮਾਪਿਆਂ ਅਤੇ ਵਿਦਿਆਰਥੀਆਂ ਜਾਣਕਾਰੀ ਦਿੱਤੀ ਗਈ। ਇਸ ਬਾਰੇ ਬੋਲਦੇ ਹੋਏ ਐਸ ਐਮ ਓ. ਡਾ.ਭਿੰਡਰ ਨੇ ਕਿਹਾ ਕਿ ਸਮਾਜਿਕ ਜਾਗਰੂਕਤਾ ਰਾਹੀਂ,ਨਿਮੋਨੀਆ ਨੂੰ ਸਫਲਤਾਪੂਰਵਕ ਖਤਮ ਕਰਨ ਲਈ ਸਿਹਤ ਵਿਭਾਗ ਵੱਲੋਂ ਸਾਂਸ ਨਾਮ ਦਾ ਵਿਸ਼ੇਸ਼ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ । ਜਿਸਦਾ ਟੀਚਾ 2025 ਤੱਕ ਬੱਚਿਆਂ ਵਿੱਚ ਨਿਮੋਨੀਆ ਨਾਲ ਹੋਣ ਵਾਲੀਆਂ ਮੌਤਾਂ (ਪੰਜ ਸਾਲ ਤੋਂ ਘੱਟ ਉਮਰ ਦੇ) ਨੂੰ ਪ੍ਰਤੀ 1,000 ਵਿੱਚ 3 ਤੋਂ ਘੱਟ ਕਰਨ ਲਈ ਵਿਸ਼ੇਸ਼ ਯਤਨ ਕਰਨਾ ਹੈ। ਇਸ ਸਮੇਂ ਬਲਾਕ ਐਜ਼ੂਕੇਟਰ ਹਰਪ੍ਰੀਤ ਕੌਰ ਨੇ ਦੱਸਿਆ ਨਿਮੋਨੀਆ ਤੋਂ ਛੋਟੇ ਬੱਚਿਆਂ ਨੂੰ ਬਚਾਉਣ ਲਈ ਜ਼ੇਕਰ ਕਿਸੇ ਬੱਚੇ ਨੂੰ ਤੇਜ਼ ਸਾਹ ਆਉਣ, ਛਾਤੀ ਵਿੱਚ ਖਿੱਚਣਾ ਆਦਿ ਲੱਛਣ ਹੋਣ ਤਾਂ ਇਸਦੀ ਸ਼ੁਰੂਆਤ ਵਿੱਚ ਹੀ ਪਹਿਚਾਣ ਹੋਣੀ ਚਾਹੀਦੀ ਹੈ ਤੇ ਸਮੇਂ ਸਿਰ ਡਾਕਟਰੀ ਸਹਾਇਤਾ ਨਾਲ ਵੱਡਾ ਬਚਾਅ ਹੋ ਸਕਦਾ ਹੈ ਉਹਨਾਂ ਕਿਹਾ ਕੇ ਇਸਦੀ ਰੋਕਥਾਮ ਲਈ ਟੀਕਾਕਰਨ, ਪੋਸ਼ਣਅਤੇ ਸਮੇਂ ਸਿਰ ਇਲਾਜ ਕਰਵਾਉਣਾ ਜਰੂਰੀ ਹੈ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਬਹੁਮੰਤਵੀ ਸਿਹਤ ਕਰਮਚਾਰੀ ਰਾਜੇਸ਼ ਰਿਖੀ ਨੇ ਕਿਹਾ ਕਿ ਛੋਟੇ ਬੱਚਿਆਂ ਪੂਰੇ ਕੱਪੜੇ ਪਾਕੇ ਰੱਖਣੇ ਚਾਹੀਦੇ ਹਨ, ਗਿੱਲੇ ਕੱਪੜਿਆਂ ਨੂੰ ਪਾਉਣ ਤੋਂ ਬਚਾਅ ਰੱਖਣਾ ਅਤੇ ਪੂਰੇ ਗਰਮ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਆਪਣੇ ਤੋਂ ਇੱਕ ਤਹਿ ਜਿਆਦਾ ਕੱਪੜੇ ਪਾਉਣੇ ਚਾਹੀਦੇ ਹਨ । ਉਹਨਾਂ ਕਿਹਾ ਨਵਜਨਮੇਂ ਬੱਚਿਆਂ ਨੂੰ ਕੰਗਾਰੂ ਮਦਰ ਕੇਅਰ (ਛਾਤੀ ਨਾਲ ਬੱਚੇ ਨੂੰ ਲਗਾ ਕੇ ਰੱਖਣਾ) ਵੀ ਦਿੱਤੀ ਜਾ ਸਕਦੀ ਹੈ ਅਤੇ ਕਿਸੇ ਵੀ ਸਿਹਤ ਸਮੱਸਿਆ ਤੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਸਿਹਤ ਸੇਵਾਵਾਂ ਲੈਣੀਆਂ ਚਾਹੀਦੀਆਂ ਹਨ