ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇਕ ਮਹੱਤਵਪੂਰਨ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਸਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ 27 ਦਸੰਬਰ ਨੂੰ ਆ ਰਿਹਾ ਹੈ, ਜਿਸੇ ਦਿਨ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਦੇ ਅਮਰ ਸ਼ਹੀਦੀ ਦਿਹਾੜੇ ਦੀ ਯਾਦਗਾਰੀ ਵੀ ਮਨਾਈ ਜਾਂਦੀ ਹੈ। ਇਸ ਕਾਰਨ ਸਿੱਖ ਕੌਮ ਦੇ ਅੰਦਰ ਇੱਕ ਗੰਭੀਰ ਉਲਝਨ ਅਤੇ ਮਨੋਵਿਗਿਆਨਕ ਸੰਕਟ ਪੈਦਾ ਹੋਇਆ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਵੱਡੇ ਪਿਆਰ ਅਤੇ ਅਤੂਟ ਸ਼ਰਧਾ ਨਾਲ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਮਨਾਇਆ ਜਾਂਦਾ ਹੈ, ਜਦਕਿ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਵੀ ਸਿੱਖ ਸੰਗਤ ਬੜੀ ਹੀ ਸ਼ਾਨ ਅਤੇ ਖੁਸ਼ੀ ਨਾਲ ਮਨਾਉਂਦੀ ਹੈ। ਦੋਵੇਂ ਸਰਬੋਤਮ ਅਰਥਾਂ ਵਾਲੇ ਮਹਾਨ ਦਿਹਾੜੇ ਇੱਕੋ ਦਿਨ ਆਉਣ ਨਾਲ ਕੌਮ ਲਈ ਫ਼ੈਸਲਾ ਕਰਨਾ ਬਹੁਤ ਮੁਸ਼ਕਲ ਬਣ ਗਿਆ ਹੈ।
ਸਰਦਾਰ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਉੱਤੇ ਤੁਰੰਤ ਵਿਚਾਰ ਵਟਾਂਦਰਾ ਕਰਕੇ ਸਪਸ਼ਟ ਅਤੇ ਇਕਰੂਪ ਫ਼ੈਸਲਾ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਪ੍ਰਧਾਨਾਂ ਅਤੇ ਅਨੇਕਾਂ ਗੁਰਦੁਆਰਾ ਸਾਹਿਬਾਨ ਤੋਂ ਫ਼ੋਨ ਆ ਰਹੇ ਹਨ ਕਿ ਰਾਗੀ ਜਥਿਆਂ ਦੀ ਬੁਕਿੰਗ, ਪ੍ਰਭਾਤ ਫੇਰੀਆਂ ਅਤੇ ਸਮਾਗਮਾਂ ਦੀਆਂ ਤਾਰੀਖਾਂ ਨੂੰ ਲੈ ਕੇ ਬਹੁਤ ਵੱਡੀ ਉਲਝਣ ਪੈਦਾ ਹੋ ਰਹੀ ਹੈ। ਉਹਨਾਂ ਜ਼ੋਰ ਦਿੰਦਿਆਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਐਲਾਨੇ ਗਏ ਕੈਲੰਡਰ ਅਨੁਸਾਰ ਹੀ ਦਿਹਾੜੇ ਮਨਾਉਂਦੀ ਆਈ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਸੰਗਤਾਂ ਦੀ ਸਹੂਲਤ ਲਈ ਜਲਦ ਤੋਂ ਜਲਦ ਤਰੀਕਾਂ ਬਾਰੇ ਫ਼ੈਸਲਾ ਕੀਤਾ ਜਾਵੇ।”
ਸਰਦਾਰ ਕਾਲਕਾ ਨੇ ਕਿਹਾ ਕਿ ਜੇ ਲੋੜ ਹੋਵੇ ਤਾਂ ਦੋ ਚਾਰ ਦਿਨ ਅੱਗੇ ਜਾਂ ਪਿੱਛੇ ਕਰਕੇ ਵੀ ਇਸ ਦੁਬਿਧਾ ਨੂੰ ਦੂਰ ਕੀਤਾ ਜਾ ਸਕਦਾ ਹੈ, ਕਿਉਂਕਿ ਗੁਰੂ ਦੇ ਦਿਨ ਮਨਾਣੇ ਹਨ — ਉਹ ਸਾਡੇ ਲਈ ਹਰ ਰੂਪ ਵਿੱਚ ਆਦਰਯੋਗ ਹਨ। ਅੰਤ ਵਿੱਚ ਉਹਨਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਨਿਵੇਦਨ ਕੀਤਾ ਕਿ “ਸਾਡੀ ਇਸ ਬੇਨਤੀ ਦਾ ਜਲਦੀ ਫੈਸਲਾ ਲਿਆ ਜਾਵੇ ਅਤੇ ਸੰਗਤਾਂ ਨੂੰ ਇਸ ਸਥਿਤੀ ਤੋਂ ਮੁਕਤ ਕੀਤਾ ਜਾਵੇ।”