ਸੰਦੌੜ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਸਿਵਲ ਸਰਜਨ ਮਾਲੇਰਕੋਟਲਾ ਡਾ.ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ ਅਤੇ ਬਲਾਕ ਵਿੱਚ ਸਿਹਤ ਕਰਮਚਾਰੀਆਂ ਰਾਹੀਂ ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ । ਇਸ ਮੌਕੇ ਗੱਲਬਾਤ ਕਰਦਿਆਂ ਡਾ.ਜੀ. ਐੱਸ ਭਿੰਡਰ ਨੇ ਦੱਸਿਆ ਕਿ ਏਡਜ਼ ਬਿਮਾਰੀ ਬਾਰੇ ਜਾਗਰੂਕ ਹੋਕੇ ਹੀ ਇਸਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ਵਿੱਚ ਮਜੂਦਾ ਸਮੇਂ ਸਰਿੰਜ ਨਾਲ ਨਸ਼ਾ ਕਰਨ ਵਾਲੇ ਲੋਕ ਇਸ ਰੋਗ ਦਾ ਸ਼ਿਕਾਰ ਸਭ ਤੋਂ ਵੱਧ ਹੋ ਰਹੇ ਹਨ।ਇਸ ਮੌਕੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਏਡਜ਼ ਚਾਰ ਤਰ੍ਹਾਂ ਨਾਲ ਇੱਕ ਮਰੀਜ਼ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ ਜਿਨਾਂ ਵਿੱਚ ਦੂਸ਼ਿਤ ਖ਼ੂਨ ਦੀ ਵਰਤੋਂ, ਦੂਸ਼ਿਤ ਸੂਈ (ਸਰਿੰਜ) ਜਾਂ ਬਲੇਡ ਦੀ ਵਰਤੋਂ, ਮਾਂ ਤੋਂ ਬੱਚੇ ਨੂੰ ਅਤੇ ਅਸੁਰੱਖਿਅਤ ਸਰੀਰਕ ਸੰਬੰਧ। ਏਡਜ਼ ਤੋਂ ਬਚਾਅ ਲਈ ਦੱਸੇ ਕਾਰਨਾਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਓਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਸਾਲ 2025 ਦਾ ਥੀਮ "ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕਿਰਿਆ ਨੂੰ ਬਦਲਣਾ" ਹੈ। ਇਸ ਥੀਮ ਦੇ ਤਹਿਤ, 2030 ਤੱਕ ਏਡਜ਼ ਨੂੰ ਖਤਮ ਕਰਨ ਲਈ ਨਿਰੰਤਰ ਰਾਜਨੀਤਿਕ ਲੀਡਰਸ਼ਿਪ, ਅੰਤਰਰਾਸ਼ਟਰੀ ਸਹਿਯੋਗ ਅਤੇ ਮਨੁੱਖੀ-ਅਧਿਕਾਰ-ਕੇਂਦ੍ਰਿਤ ਪਹੁੰਚਾਂ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਰਾਜੇਸ਼ ਰਿਖੀ, ਗੁਰਦੀਪ ਕੌਰ ਸਮੇਤ ਬਲਾਕ ਦੇ ਸਮੂਹ ਕਰਮਚਾਰੀ ਹਾਜ਼ਰ ਸਨ।