ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਵਿਸ਼ਵ ਦੁੱਧ ਦਿਵਸ ਦੇ ਮੌਕੇ 'ਤੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਅਗਵਾਈ ਹੇਠ, ਆਪਣੇ ਪ੍ਰਮੁੱਖ ਬ੍ਰਾਂਡ ਵੇਰਕਾ ਲਈ ਮਸ਼ਹੂਰ, ਮਿਲਕਫੈੱਡ ਪੰਜਾਬ ਨੇ 20 ਅਤਿ-ਆਧੁਨਿਕ ਠੰਢੇ ਸੜ੍ਹਕੀ ਦੁੱਧ ਟੈਂਕਰਾਂ ਨੂੰ ਹਰੀ ਝੰਡੀ ਦਿਖਾ ਕੇ, ਆਪਣੇ, ਦੁੱਧ ਦੀ ਖਰੀਦ ਅਤੇ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਿਤ ਕੀਤਾ। ਟੈਂਕਰਾਂ ਨੂੰ ਹਰੀ ਝੰਡੀ ਦਿਖਾਉਂਦੇ ਹੋਏ, ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਹ 20 ਅਤਿ-ਆਧੁਨਿਕ ਠੰਢੇ ਸੜ੍ਹਕੀ ਦੁੱਧ ਟੈਂਕਰਾਂ, ਜਿਨ੍ਹਾਂ ਦੀ ਸਮਰੱਥਾ 10,000 ਲੀਟਰ ਹੈ, ਨੂੰ ਵੇਰਕਾ ਮਿਲਕ ਪਲਾਂਟ ਮੋਹਾਲੀ ਤੋਂ ਰਵਾਨਾ ਕੀਤਾ ਗਿਆ ਹੈ। ਇਹ ਪਹਿਲ ਮਿਲਕਫੈੱਡ ਦੇ, 60 ਅਜਿਹੇ ਆਧੁਨਿਕ ਦੁੱਧ ਟੈਂਕਰਾਂ ਨੂੰ ਸ਼ਾਮਲ ਕਰਨ ਦੇ ਵੱਡੇ ਪ੍ਰੋਜੈਕਟ ਦਾ ਹਿੱਸਾ ਹੈ, ਜਿਨ੍ਹਾਂ ਨੂੰ ਕੁੱਲ 20 ਕਰੋੜ ਰੁਪਏ ਦੀ ਲਾਗਤ ਨਾਲ ਖਰੀਦਿਆ ਜਾ ਰਿਹਾ ਹੈ। ਦੁੱਧ ਟੈਂਕਰਾਂ ਦਾ ਨਵਾਂ ਫਲੀਟ ਪੰਜਾਬ ਭਰ ਦੀਆਂ ਪਿੰਡ ਪੱਧਰੀ ਦੁੱਧ ਸਭਾਵਾਂ ਤੋਂ ਇਕੱਠੇ ਕੀਤੇ ਦੁੱਧ ਲਈ ਇੱਕ ਸੁਰੱਖਿਅਤ, ਵਧੇਰੇ ਭਰੋਸੇਮੰਦ ਅਤੇ ਪੂਰੀ ਤਰ੍ਹਾਂ ਤਾਪਮਾਨ ਨਿਯੰਤਰਿਤ ਆਵਾਜਾਈ ਪ੍ਰਣਾਲੀ ਨੂੰ ਯਕੀਨੀ ਬਣਾਏਗਾ।
ਚੇਅਰਮੈਨ ਨੇ ਕਿਹਾ ਕਿ ਇਹ ਟੈਂਕਰ ਮਿਲਕਫੈੱਡ ਦੇ ਪ੍ਰੋਸੈਸਿੰਗ ਪਲਾਂਟਾਂ ਤੱਕ ਤਾਜ਼ਾ, ਉੱਚ-ਗੁਣਵੱਤਾ ਵਾਲਾ ਦੁੱਧ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ, ਜਿੱਥੇ ਇਸਨੂੰ ਪਾਸਚਰਾਈਜ਼ ਕੀਤਾ ਜਾਂਦਾ ਹੈ ਅਤੇ ਦੁੱਧ, ਦਹੀਂ, ਲੱਸੀ, ਪਨੀਰ, ਮੱਖਣ, ਘਿਓ ਅਤੇ ਸੁਆਦ ਵਾਲਾ ਦੁੱਧ ਸਮੇਤ ਡੇਅਰੀ ਉਤਪਾਦਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਬਦਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਡੇਅਰੀ ਸੈਕਟਰ ਨੂੰ ਉੱਚਾ ਚੁੱਕਣ ਅਤੇ ਪੇਂਡੂ ਆਰਥਿਕਤਾ ਨੂੰ ਮਜ਼ਬੂਤੀ ਦੇਣ ਲਈ ਮਹੱਤਵਪੂਰਨ ਹੋਵੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਆਧੁਨਿਕੀਕਰਨ ਮੁਹਿੰਮ ਦੁੱਧ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਵਾਧਾ ਕਰੇਗੀ, ਨੁਕਸਾਨ ਨੂੰ ਘਟਾਏਗੀ, ਅਤੇ ਖਪਤਕਾਰਾਂ ਨੂੰ ਸੁਰੱਖਿਅਤ ਅਤੇ ਪੌਸ਼ਟਿਕ ਡੇਅਰੀ ਉਤਪਾਦ ਪ੍ਰਦਾਨ ਕਰਨ ਲਈ ਵੇਰਕਾ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਮਿਲਕਫੈੱਡ ਪੰਜਾਬ, ਡੇਅਰੀ ਕਿਸਾਨਾਂ ਨੂੰ ਮਜ਼ਬੂਤ ਕਰਨ, ਬੁਨਿਆਦੀ ਢਾਂਚੇ ਨੂੰ ਆਧੁਨਿਕ ਬਣਾਉਣ ਅਤੇ ਰਾਜ ਭਰ ਦੇ ਘਰਾਂ ਤੱਕ ਤਾਜ਼ੇ ਅਤੇ ਸਾਫ਼-ਸੁਥਰੇ ਦੁੱਧ ਦੀ ਡਿਲਿਵਰੀ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।
ਇਸ ਮੌਕੇ ਵਿੱਤ ਕਮਿਸ਼ਨਰ (ਸਹਿਕਾਰਤਾ) ਸੁਮੇਰ ਸਿੰਘ ਗੁਰਜਰ ਅਤੇ ਮਿਲਕਫੈਡ ਦੇ ਐਮ ਡੀ ਰਾਹੁਲ ਗੁਪਤਾ ਵੀ ਮੌਜੂਦ ਸਨ।