ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਮਾਣਹਾਨੀ ਮਾਮਲੇ ਵਿੱਚ ਸੁਣਾਏ ਗਏ ਫੈਸਲੇ ਅਤੇ ਜਾਰੀ ਕੀਤੇ ਗਏ ਸਖ਼ਤ ਨਿਰਦੇਸ਼ਾਂ ਸੀ ਪਾਲਣਾ ਕਰਦੇ ਹੋਏ, ਨਗਰ ਨਿਗਮ ਮੋਹਾਲੀ ਨੇ ਮੋਹਾਲੀ ਵਿੱਚ ਗੈਰ-ਕਾਨੂੰਨੀ ਕਬਜ਼ਿਆਂ ਨੂੰ ਖਤਮ ਕਰਨ ਲਈ ਅੱਜ ਵਿਆਪਕ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਪ੍ਰਗਟਾਵਾ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਪੂਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ। ਹੋਰ ਜਾਣਕਾਰੀ ਦਿੰਦੇ ਹੋਏ, ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਮੋਹਾਲੀ, ਗਮਾਡਾ ਅਤੇ ਮੋਹਾਲੀ ਪੁਲਿਸ ਇਸ ਮੁਹਿੰਮ ਨੂੰ ਪ੍ਰਭਾਵਸ਼ਾਲੀ ਅਤੇ ਯੋਜਨਾਬੱਧ ਢੰਗ ਨਾਲ ਚਲਾਉਣ ਲਈ ਮੁਕੰਮਲ ਤਾਲਮੇਲ ਵਿੱਚ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਮੋਹਾਲੀ ਨੇ ਅੱਜ ਦੁਪਹਿਰ ਫੇਜ਼ 4, ਮੋਹਾਲੀ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ। ਟੀਮਾਂ ਨੇ ਜਨਤਕ ਥਾਵਾਂ, ਸੜਕਾਂ ਅਤੇ ਪੈਦਲ ਚੱਲਣ ਵਿੱਚ ਰੁਕਾਵਟ ਪਾਉਣ ਵਾਲੇ ਵੱਖ-ਵੱਖ ਅਣਅਧਿਕਾਰਤ ਕਬਜ਼ਿਆਂ, ਰੈਂਪਾਂ, ਅਸਥਾਈ ਢਾਂਚੇ ਅਤੇ ਹੋਰ ਕਿਸਮਾਂ ਦੇ ਕਬਜ਼ੇ ਹਟਾਏ।
ਐਮ ਸੀ ਕਮਿਸ਼ਨਰ ਨੇ ਦੁਹਰਾਇਆ ਕਿ ਵਸਨੀਕਾਂ ਅਤੇ ਵਪਾਰਕ ਅਦਾਰਿਆਂ ਨੂੰ ਜ਼ੋਰਦਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਆਪ ਸਾਰੇ ਗੈਰ-ਕਾਨੂੰਨੀ ਕਬਜ਼ੇ ਹਟਾਉਣ। ਪਾਲਣਾ ਨਾ ਕਰਨ 'ਤੇ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਵੇਂ ਕਿ ਹਾਈ ਕੋਰਟ ਦੁਆਰਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੀਆਂ ਮੁਹਿੰਮਾਂ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਮੋਹਾਲੀ ਪੁਲਿਸ ਦੀ ਮਦਦ ਨਾਲ ਜ਼ਿਲ੍ਹੇ ਭਰ ਵਿੱਚ ਕਈ ਪੜਾਵਾਂ ਵਿੱਚ ਜਾਰੀ ਰਹਿਣਗੀਆਂ, ਜਿਸ ਨਾਲ ਜਨਤਕ ਜ਼ਮੀਨ 'ਤੇ ਅਣਅਧਿਕਾਰਤ ਕਬਜ਼ੇ ਦੀ ਕੋਈ ਗੁੰਜਾਇਸ਼ ਨਹੀਂ ਰਹੇਗੀ। ਇਸ ਮੁਹਿੰਮ ਦਾ ਉਦੇਸ਼ ਸੁਚਾਰੂ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਣਾ, ਪੈਦਲ ਚੱਲਣ ਵਾਲਿਆਂ ਦੇ ਰਸਤੇ ਦੇ ਅਧਿਕਾਰਾਂ ਨੂੰ ਬਹਾਲ ਕਰਨਾ ਅਤੇ ਯੋਜਨਾਬੰਦੀ ਦੇ ਨਿਯਮਾਂ ਅਨੁਸਾਰ ਸ਼ਹਿਰੀ ਵਿਵਸਥਾ ਬਣਾਈ ਰੱਖਣਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਮੋਹਾਲੀ ਨੂੰ ਸਾਫ਼, ਯੋਜਨਾਬੱਧ ਅਤੇ ਕਬਜ਼ੇ ਮੁਕਤ ਰੱਖਣ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।