ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਤੇ ਸ਼ਹਿਰ ਦੇ ਐਨ ਵਿਚਾਲੇ ਅਵਾਰਾ ਪਸ਼ੂਆਂ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਘਟਨਾ ਰਾਮ ਨਗਰ ਇਲਾਕੇ ਵਿੱਚ ਵਾਪਰੀ, ਜਿੱਥੇ ਇੱਕ ਅਵਾਰਾ ਪਸ਼ੂ ਨੇ ਅਚਾਨਕ ਗਲੀ ਵਿੱਚ ਖੇਡ ਰਹੇ ਇੱਕ ਛੋਟੇ ਬੱਚੇ 'ਤੇ ਹਮਲਾ ਕਰ ਦਿੱਤਾ। ਰਾਹਗੀਰ ਬੱਚੇ ਨੂੰ ਮੁਸ਼ਕਿਲ ਨਾਲ ਬਚਾਉਣ ਵਿੱਚ ਕਾਮਯਾਬ ਹੋਏ। ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਚਸ਼ਮਦੀਦਾਂ ਦੇ ਅਨੁਸਾਰ, ਇੱਕ ਢੱਠੇ ਨੇ ਅਚਾਨਕ ਗਲੀ ਵਿੱਚ ਖੇਡ ਰਹੇ ਬੱਚੇ 'ਤੇ ਤੇਜ਼ੀ ਨਾਲ ਹਮਲਾ ਕਰ ਦਿੱਤਾ। ਇਹ ਬੱਚੇ ਦੇ ਖਿਡੌਣੇ ਨੂੰ ਕਈ ਕਦਮ ਦੂਰ ਖਿੱਚ ਕੇ ਲੈ ਗਿਆ। ਚੀਕ ਚਿਹਾੜਾ ਸੁਣ ਕੇ, ਸਥਾਨਕ ਲੋਕ ਮੌਕੇ 'ਤੇ ਪਹੁੰਚੇ, ਡੰਡਿਆਂ ਅਤੇ ਰੌਲਾ ਪਾਕੇ ਬੱਚੇ ਨੂੰ ਬਚਾਇਆ, ਜਿਸ ਨਾਲ ਉਸਦੀ ਜਾਨ ਬਚ ਗਈ। ਬੱਚਾ ਹਮਲੇ ਤੋਂ ਵਾਲ-ਵਾਲ ਬਚ ਗਿਆ। ਦੱਸ ਦੇਈਏ ਸ਼ਹਿਰ ਦੇ ਵਸ਼ਿੰਦੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕਰ ਰਹੇ ਹਨ ਕਿ ਅਵਾਰਾ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ । ਲੋਕਾਂ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਸ਼ਹਿਰ ਦੀਆਂ ਮੁੱਖ ਸੜਕਾਂ, ਬਾਜ਼ਾਰਾਂ ਅਤੇ ਇੱਥੋਂ ਤੱਕ ਕਿ ਤੰਗ ਗਲੀਆਂ ਵਿੱਚ ਖੁੱਲ੍ਹ ਕੇ ਘੁੰਮਦੇ ਹਨ, ਜੋ ਜਾਨ-ਮਾਲ ਲਈ ਲਗਾਤਾਰ ਖ਼ਤਰਾ ਬਣ ਰਹੇ ਹਨ। ਇਨ੍ਹਾਂ ਜਾਨਵਰਾਂ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਅਵਾਰਾ ਢੱਠਿਆਂ ਨੂੰ ਕਿਧਰੇ ਹੋਰ ਤਬਦੀਲ ਕੀਤਾ ਜਾਵੇ ਅਤੇ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਲਈ ਤੁਰੰਤ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇ।