ਪੰਜਾਬ ਸਰਕਾਰ ਨੌਵੇਂ ਪਾਤਸ਼ਾਹ ਦੇ ਧਰਮ ਦੀ ਆਜ਼ਾਦੀ ਦੇ ਸੰਦੇਸ਼ ਨੂੰ ਕਾਇਮ ਰੱਖਣ ਲਈ ਵਚਨਬੱਧ
ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਅੱਜ ਇੱਥੇ ਇੱਕ ਦਿਨਾਂ ਵਿਸ਼ੇਸ਼ ਸੈਸ਼ਨ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਨੌਵੇਂ ਪਾਤਸ਼ਾਹ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਦੀਆਂ ਪਹਿਲਾਂ ਦਿੱਤੇ ਸੰਦੇਸ਼ ਅਜੋਕੇਂ ਯੁੱਗ ਵਿੱਚ ਵੀ ਸਾਰਥਕ ਹਨ। ਭਾਈ ਜੈਤਾ ਜੀ ਮੈਮੋਰੀਅਲ ਵਿਖੇ ਵਿਸ਼ੇਸ਼ ਸੈਸ਼ਨ ਦੌਰਾਨ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ, ਜਿਨ੍ਹਾਂ ਨੇ ਧਰਮ ਦੀ ਰਾਖੀ, ਮਨੁੱਖੀ ਅਧਿਕਾਰਾ ਅਤੇ ਸਾਝੀਵਾਲਤਾਂ ਲਈ ਲਾਸਾਨੀ ਸ਼ਹਾਦਤ ਦਿੱਤੀ। ਉਨ੍ਹਾਂ ਕਿਹਾ ਕਿ ਅਸੀ ਸਾਰੇ ਵਡਭਾਗੀ ਹਾਂ, ਜੋ ਗੁਰੂ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਹਾਂ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਕੁਰਬਾਨੀ ਸਾਰਿਆਂ ਨੂੰ ਆਪਸੀ ਭਾਈਚਾਰੇ, ਸਰਬ ਧਰਮ ਦਾ ਸਤਿਕਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰਾਖੀ ਦਾ ਸੁਨ੍ਹੇਹਾ ਦਿੰਦੀ ਹੈ, ਜਿਸ ਕਰਕੇ ਗੁਰੂ ਜੀ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੇ ਸੱਚੇ ਸਿੱਖ ਸ਼ਰਧਾਲੂਆਂ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆਂ ਗਿਆ, ਭਾਈ ਸਤੀ ਦਾਸ ਨੂੰ ਜ਼ਿੰਦਾ ਸਾੜਿਆ ਗਿਆ ਅਤੇ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ਼ ਵਿੱਚ ਉਬਾਲਿਆ ਗਿਆ, ਪਰ ਫਿਰ ਵੀ ਉਨ੍ਹਾਂ ਦਾ ਵਿਸ਼ਵਾਸ ਰਤਾ ਨਹੀਂ ਡੋਲਿਆ, ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦੀਵੀ ਅਮਿੱਟ ਰਹੇਗਾ।
ਗੁਰੂ ਜੀ ਵੱਲੋਂ ਧਰਮ ਦੀ ਆਜ਼ਾਦੀ ਅਤੇ ਆਪਸੀ ਸਦਭਾਵਨਾ ਦੇ ਸੰਦੇਸ਼ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਬਾਰੇ ਕਿਹਾ ਕਿ ਰਾਜ ਭਰ ਵਿੱਚ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸ਼ਹਾਦਤ ਬਾਰੇ ਵੱਖ-ਵੱਖ ਸਮਾਗਮਾਂ ਰਾਹੀ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਗੁਰੂ ਜੀ ਦੇ ਫਲਸਫੇ ਦੇ ਵੱਧ ਤੋਂ ਵੱਧ ਪ੍ਰਸਾਰ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡੇਰਾ ਬੱਲਾਂ ਖੋਜ ਕੇਂਦਰ ਲਈ 25 ਕਰੋੜ ਰੁਪਏ, ਰਾਮ ਤੀਰਥ, ਅੰਮ੍ਰਿਤਸਰ ਵਿਖੇ ਭਗਵਾਨ ਵਾਲਮੀਕਿ ਪੈਨੋਰਮਾ ਲਈ 35 ਕਰੋੜ ਰੁਪਏ, ਕਾਲੀ ਮਾਤਾ ਮੰਦਿਰ ਕੰਪਲੈਕਸ ਲਈ 75 ਕਰੋੜ ਰੁਪਏ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ 25 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਹਨ, ਜਿਸ ਤੋਂ ਸੂਬਾ ਸਰਕਾਰ ਦੀ ਵਚਨਬੱਧਤਾ ਸਪੱਸ਼ਟ ਹੁੰਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹਨਾਂ ਪਹਿਲਕਦਮੀਆਂ ਦਾ ਸਬੰਧ ਸਿਰਫ਼ ਫੰਡ ਜਾਰੀ ਕਰਨਾ ਨਹੀਂ, ਸਗੋਂ ਗੁਰੂ ਸਾਹਿਬ ਦੇ ਸੰਦੇਸ਼, ਜੋ ਹਰੇਕ ਵਿਅਕਤੀ ਲਈ ਧਰਮ ਦੀ ਆਜ਼ਾਦੀ ਦੀ ਵਕਾਲਤ ਕਰਦਾ ਹੈ, ਨੂੰ ਬਰਕਰਾਰ ਰੱਖਣ ਦੀ ਦਿਸ਼ਾ ਵਿੱਚ ਇੱਕ ਨਿਮਾਣਾ ਜਿਹਾ ਯਤਨ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੌਰਾਨ ਗੁਰੂ ਜੀ ਦੇ ਧਰਮ ਦੀ ਆਜ਼ਾਦੀ ਦੇ ਸੰਦੇਸ਼ ਦਾ ਵੱਧ ਤੋ ਵੱਧ ਫੈਲਾਅ ਸੂਬਾ ਸਰਕਾਰ ਦੀ ਮੁੱਖ ਤਰਜ਼ੀਹ ਹੈ।
ਕੈਬਨਿਟ ਮੰਤਰੀ ਨੇ ਵਿਸ਼ੇਸ਼ ਸੈਸ਼ਨ ਦੀ ਸਾਰਥਕਤਾ ਨੂੰ ਏਕਤਾ ਦੇ ਚਾਨਣ ਮੁਨਾਰੇ ਵਜੋਂ ਉਜਾਗਰ ਕਰਦਿਆਂ ਕਿਹਾ ਕਿ ਜਦੋਂ ਜਾਤੀ, ਧਰਮ ਅਤੇ ਫਿਰਕਾਪ੍ਰਸਤੀ ਦੇ ਨਾਂ 'ਤੇ ਸਮਾਜ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਮਨੀਪੁਰ ਅਤੇ ਹਰਿਆਣਾ ਦੇ ਦੁਖਾਂਤਾਂ ਤੋਂ ਸਪੱਸ਼ਟ ਝਲਕਦਾ ਹੈ, ਤਾਂ ਉਸ ਵੇਲੇ ਅਜਿਹੇ ਸੈਸ਼ਨ ਦੀ ਲੋੜ ਹੋਰ ਵੀ ਵੱਧ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਇਤਿਹਾਸਕ ਮੌਕੇ ਪੰਜਾਬ ਦੇ ਤਿੰਨ ਕਰੋੜ ਨਿਵਾਸੀਆਂ ਨੂੰ ਦੇਸ਼ ਦੀ 150 ਕਰੋੜ ਜਨਤਾ ਤੱਕ ਸਦਭਾਵਨਾ, ਧਰਮ ਨਿਰਪੱਖਤਾ ਅਤੇ ਸ਼ਾਂਤੀ ਦਾ ਸੰਦੇਸ਼ ਪੁੱਜਦਾ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਪਾਵਨ ਧਰਤੀ ਤੋਂ, ਅਸੀਂ ‘ਹਿੰਦੂ ਰਾਸ਼ਟਰ’ ਅਤੇ ‘ਖਾਲਿਸਤਾਨ’ ਨੂੰ ਖਾਰਿਜ ਕਰਦਿਆਂ ‘ਜੁਗ ਜੁਗ ਜੀਵੇ ਮੇਰਾ ਹਿੰਦੁਸਤਾਨ’ ਦੇ ਨਾਅਰੇ ਦੀ ਵਕਾਲਤ ਕਰਦੇ ਹਾਂ ਜੋ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਅਨੁਸਾਰ ਦੇਸ਼ ਦੀ ਏਕਤਾ ਪ੍ਰਤੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ ਅਤੇ ਇਹ ਸੈਸ਼ਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ ਆਪਸੀ ਭਾਈਚਾਰੇ ਦੇ ਸੰਦੇਸ਼ ਨੂੰ ਨਿਮਾਣੀ ਸ਼ਰਧਾਂਜਲੀ ਹੈ।