ਸੁਨਾਮ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਮੰਡੀ ਵਿੱਚ ਕਰੀਬ 1.02 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡ ਦਾ ਨੀਂਹ ਪੱਥਰ ਰੱਖਕੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਮੰਡੀ ਦੇ ਆੜਤੀਆਂ ਤੇ ਕਿਸਾਨਾਂ ਦੀ ਇਹ ਮੰਗ ਸੀ ਕਿ ਇਥੇ ਵੱਡਾ ਸ਼ੈੱਡ ਬਣਾਇਆ ਜਾਵੇ, ਜਿਸ ’ਤੇ ਕਾਰਵਾਈ ਕਰਦਿਆਂ 200 ਫੁੱਟ ਲੰਬਾਈ ਅਤੇ 75 ਫੁੱਟ ਚੌੜਾਈ ਵਾਲਾ ਕਰੀਬ 1 ਕਰੋੜ 02 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਸ਼ੈੱਡ ਪੰਜ ਮਹੀਨਿਆਂ ਵਿੱਚ ਬਣਕੇ ਤਿਆਰ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀਆਂ ਸਾਡੀ ਅਰਥ ਵਿਵਸਥਾ ਦਾ ਧੁਰਾ ਹਨ, ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਦਾ ਸਿੱਧਾ ਸਬੰਧ ਮੰਡੀਆਂ ਨਾਲ ਹੈ, ਸ਼ਹਿਰ ਦੀ ਅਰਥਵਿਵਸਥਾ ਮੰਡੀਆਂ ਵਿੱਚੋਂ ਹੀ ਚੱਲਦੀ ਹੈ। ਉਹਨਾਂ ਕਿਹਾ ਕਿ ਬਹੁਗਿਣਤੀ ਪੈਸਾ ਆਰ.ਡੀ.ਐਫ ਦੇ ਰੂਪ ਵਿੱਚ ਮੰਡੀਆਂ ਵਿੱਚੋਂ ਹੀ ਆਉਂਦਾ ਹੈ। ਇਸ ਮੌਕੇ ਅਮਨ ਅਰੋੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼ਹਿਰ ਵਿੱਚ ਕੈਮਰੇ ਲਗਾਉਣ ਦੀ ਤਜਵੀਜ਼ ਬਣ ਚੁੱਕੀ ਹੈ, ਜਿਸ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਸੁਨਾਮ ਦੀ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਵੀ ਪਲਾਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇਗਾ। ਇਸ ਮੌਕੇ ਪ੍ਰਿਤਪਾਲ ਹਾਂਡਾ ਅਤੇ ਮੁਨੀਸ਼ ਸੋਨੀ (ਸਾਬਕਾ ਚੇਅਰਮੈਨ), ਕਿਸ਼ੋਰ ਚੰਦ ਛਾਹੜੀਆ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਮਨਿੰਦਰ ਸਿੰਘ ਲਖਮੀਰਵਾਲਾ, ਮਨਪ੍ਰੀਤ ਬਾਂਸਲ, ਅਮਰੀਕ ਸਿੰਘ ਧਾਲੀਵਾਲ, ਤਰਸੇਮ ਸਿੰਘ ਕੁਲਾਰ, ਮਾਸਟਰ ਰਚਨਾ ਰਾਮ, ਰਜਿੰਦਰ ਬਬਲੀ ਬਘੀਰਥ ਰਾਏ ਗੀਰਾ, ਪੁਰਸ਼ੋਤਮ ਬਾਵਾ, ਲਾਭ ਸਿੰਘ ਨੀਲੋਵਾਲ ਤੇ ਹੋਰ ਆਗੂ ਹਾਜ਼ਰ ਹਾਜ਼ਰ ਸਨ।