ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ ਤੇ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐਸ ਭਿੰਡਰ ਦੀ ਅਗਵਾਈ ਹੇਠ ਸਬ ਸੈਂਟਰ ਮਿੱਠੇਵਾਲ ਦੀ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੇਵਾਲ ਵਿਖ਼ੇ ਵਿਦਿਆਰਥੀਆਂ ਨੂੰ ਕੋਟਪਾ ਐਕਟ ਅਧੀਨ ਤੰਬਾਕੂ ਪਦਾਰਥਾਂ ਤੋਂ ਰਹਿਤ ਰਹਿਣ ਲਈ ਜਾਗਰੂਕ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਕੌਰ ਬੀ ਈ ਈ ਨੇ ਦੱਸਿਆ ਕਿ ਬਲਾਕ ਅਧੀਨ ਸਮੇਂ ਸਮੇਂ ਤੇ ਤੰਬਾਕੂ ਵਿਰੋਧੀ ਗਤੀਵਿਧੀਆਂ ਜਿਵੇਂ ਕਿ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਐਕਟ- 2003 ਅਧੀਨ ਜੁਰਮਾਨੇ ਕਰਨ ਤੋਂ ਇਲਾਵਾ ਆਮ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਵੀ ਕੀਤੀਆਂ ਜਾ ਰਹੀਆਂ ਹਨ । ਇਸ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਾਜੇਸ਼ ਰਿਖੀ ਨੇ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਵੱਖ-ਵੱਖ ਤਰ੍ਹਾਂ ਦਾ ਕੈਂਸਰ ਅਤੇ ਹੋਰ ਬਿਮਾਰੀਆਂ ਵੀ ਵਿਅਕਤੀ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਹਨ। ਇਸ ਲਈ ਤੰਬਾਕੂ ਦੇ ਸੇਵਨ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਜਨਤਕ ਸਥਾਨਾਂ ਤੇ ਵਰਤੋਂ ਕਰਨ ਦੀ ਪੂਰਨ ਮਨਾਹੀ ਹੈ ਅਤੇ ਕੋਈ ਵੀ ਵਿਅਕਤੀ ਕਿਸੇ ਜਨਤਕ ਥਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਰੇਲਗੱਡੀ, ਹੋਟਲ, ਸਿੱਖਿਆ ਸੰਸਥਾ ਆਦਿ ਵਿਚ ਤੰਬਾਕੂਨੋਸ਼ੀ ਨਹੀਂ ਕਰ ਸਕਦਾ। ਉਹਨਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦ ਵੇਚਣ ਦੀ ਮਨਾਹੀ ਹੈ ਤੇ ਕਿਸੇ ਵੀ ਵਿੱਦਿਅਕ ਜਾਂ ਧਾਰਮਿਕ ਸੰਸਥਾ ਦੇ 100 ਮੀਟਰ ਦੇ ਦਾਇਰੇ ਅੰਦਰ ਨਾ ਤਾਂ ਤੰਬਾਕੂ ਉਤਪਾਦ ਵੇਚਿਆ ਜਾ ਸਕਦਾ ਹੈ ਨਾ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੰਬਾਕੂ ਉਤਪਾਦ ਨੂੰ ਉਤਸ਼ਾਹਿਤ ਕਰਨ ਵਾਲੇ ਵਿਗਿਆਪਨ ਨਹੀਂ ਦਿੱਤੇ ਜਾ ਸਕਦੇ। ਤੰਬਾਕੂ ਉਤਪਾਦ ਤੇ ਲਿਖਤੀ ਅਤੇ ਤਸਵੀਰ ਸਮੇਤ 85 ਫ਼ੀਸਦੀ ਚੇਤਾਵਨੀ ਛਾਪਣੀ ਲਾਜ਼ਮੀ ਹੈ। ਇਸ ਮੌਕੇ ਸਕੂਲ ਮੁਖੀ ਅਸ਼ੋਕ ਕੁਮਾਰ, ਰਾਜੇਸ਼ ਰਿਖੀ, ਗੁਰਦੀਪ ਕੌਰ ਆਸ਼ਾ ਵੀ ਹਾਜ਼ਰ ਸਨ