ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਆਯੋਜਿਤ 15ਵਾਂ ਕਰੈਸ਼ ਕੋਰਸ ਸਮਾਪਤ ਹੋ ਗਿਆ । ਪੰਜਾਬੀ ਯੂ-ਟਿਊਬਕਾਰੀ ਬਾਰੇ ਕੋਰਸ ਵਿਚ ਕੁੱਲ 23 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਕੋਰਸ ਦੇ ਸਮਾਪਤੀ ਸਮਾਰੋਹ ਵਿਚ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬੀ ਯੂ-ਟਿਊਬਕਾਰੀ ਦੇ ਖੇਤਰ ਵਿਚ ਬਹੁਤ ਸੰਭਾਵਨਾਵਾਂ ਹਨ ਪਰ ਸਾਨੂੰ ਜ਼ਿੰਮੇਵਾਰੀ ਨਾਲ ਸਮਾਜ ਨੂੰ ਸੁਚੱਜੀ ਸੇਧ ਦੇਣ ਵਾਲੀਆਂ ਵੀਡੀਉਜ਼ ਹੀ ਪਾਉਣੀਆਂ ਚਾਹੀਦੀਆਂ ਹਨ। ਡਾ. ਸੀ ਪੀ ਕੰਬੋਜ ਨੇ ਜਾਣਕਾਰੀ ਦਿੱਤੀ ਕਿ ਕੋਰਸ ਵਿਚ ਯੂਨੀਵਰਸਿਟੀ ਤੋਂ ਬਾਹਰੋਂ ਪਹਿਲਾਂ ਹੀ ਯੂ-ਟਿਊਬਕਾਰੀ ਦੇ ਖੇਤਰ ਵਿਚ ਕੰਮ ਕਰਦੇ ਵਿਦਿਆਰਥੀਆਂ, ਫਰੀਲਾਂਸਰਾਂ, ਸ਼ੇਅਰ ਮਾਰਕੀਟ ਜਾਣਕਾਰਾਂ, ਸੌਰ ਊਰਜਾ ਦੇ ਇਸ ਖੇਤਰ ਵਿਚ ਕੰਮ ਕਰਦੇ ਉੱਦਮੀਆਂ, ਪੱਤਰਕਾਰਾਂ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੇਵਾਮੁਕਤ ਪ੍ਰੋਫੈਸਰ ਸਮੇਤ ਆਮ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਵਿਦਿਆਰਥੀਆਂ ਨੂੰ ਔਡਾਸਿਟੀ, ਓਬੀਐੱਸ ਸਟੂਡੀਓ, ਓਪਨ ਸ਼ੌਟ ਵੀਡੀਓ ਐਡੀਟਰ ਰਾਹੀਂ ਆਡੀਓ ਅਤੇ ਵੀਡੀਓ ਐਡਿਟਿੰਗ ਬਾਰੇ ਪ੍ਰਯੋਗੀ ਅਭਿਆਸ ਕਰਵਾਏ ਗਏ। ਵਿਦਿਆਰਥੀਆਂ ਨੇ ਕੋਰਸ ਦੌਰਾਨ ਯੂ-ਟਿਊਬ ਵੀਡੀਓ ਲਈ ਢੁਕਵੇਂ ਸਿਰਲੇਖ, ਕੀ-ਵਰਡ, ਟੈਗਜ਼, ਐਂਡ ਸਕਰੀਨ, ਕਾਰਡ ਅਤੇ ਐੱਸਈਓ ਦੇ ਨਵੇਂ ਸੂਤਰਾਂ ਰਾਹੀਂ ਕਮਾਈ ਕਰਨ ਦੇ ਨੁਕਤੇ ਸਿੱਖੇ। ਕੋਰਸ ਦੌਰਾਨ ਲਏ ਇਕ ਇਮਤਿਹਾਨ ਵਿਚ ਥਿਊਰੀ ਅਤੇ ਪ੍ਰਯੋਗੀ ਪ੍ਰੀਖਿਆ ਵਿਚੋਂ ਪ੍ਰਗਟ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਥਿਊਰੀ ਇਮਤਿਹਾਨ ਵਿਚੋਂ ਪਰਦੀਪ ਸਿੰਘ ਟਿਵਾਣਾ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਅਤੇ ਪ੍ਰਯੋਗੀ ਇਮਤਿਹਾਨ ਵਿਚੋਂ ਹਰਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।