ਸੁਨਾਮ : ਮਨੁੱਖੀ ਅਧਿਕਾਰਾਂ ਦੇ ਰਾਖੇ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੇਂਟਿੰਗ ਮੁਕਾਬਲੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਤਿਹਾਸ ਵਿਭਾਗ ਦੇ ਮੁਖੀ ਸੁਮਨਦੀਪ ਕੌਰ ਦੀ ਰਹਿਨੁਮਾਈ ਵਿੱਚ ਕਰਵਾਏ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹਕੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਮੈਡਮ ਸੁਮਨਦੀਪ ਕੌਰ, ਪ੍ਰੋਫੈਸਰ ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਬਾਹੀਆ ਅਤੇ ਪ੍ਰੋਫੈਸਰ ਮੀਨਾਕਸ਼ੀ ਨੇ ਆਖਿਆ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨਾਂ ਦੇ ਜੀਵਨ ਫਲਸਫ਼ੇ ਨਾਲ ਜੋੜਨਾ ਹੈ। ਗੁਰੂ ਸਾਹਿਬਾਨ ਵੱਲੋਂ ਦੱਸੇ ਮਾਰਗ ਤੇ ਚੱਲਣਾ ਅਤੇ ਉਨ੍ਹਾਂ ਦੁਆਰਾ ਦਿੱਤੀਆਂ ਸਿੱਖਿਆਵਾਂ ਨੂੰ ਆਪਣੇ ਸਮਾਜਿਕ ਜੀਵਨ ਵਿੱਚ ਅਮਲ ਵਿੱਚ ਲਿਆਉਣਾ ਹੈ। ਬੁਲਾਰਿਆਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਸੇਧ ਲੈਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦ੍ਰਿੜਤਾ ਨਾਲ ਪਹਿਰਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਲੋੜਵੰਦਾਂ ਦੀ ਮੱਦਦ ਕਰਨ ਲਈ ਬਕਾਇਦਾ ਸੁਨੇਹਾ ਦਿੰਦੀਆਂ ਹਨ, ਹਰ ਇਨਸਾਨ ਨੂੰ ਇਸ ਤੇ ਅਮਲ ਕਰਨ ਦੀ ਲੋੜ ਹੈ। ਜੱਜ ਦੀ ਭੂਮਿਕਾ ਪ੍ਰੋ. ਸੰਦੀਪ ਸਿੰਘ ਮੁਖੀ ਫਾਈਨ ਆਰਟਸ ਵਿਭਾਗ ਵੱਲੋਂ ਨਿਰਪੱਖ ਤਰੀਕੇ ਨਾਲ ਨਿਭਾਈ ਗਈ। ਪੇਂਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ।