3 ਥਾਂਵਾਂ ਉੱਤੇ ਬਣਨ ਵਾਲੀ ਟੈਂਟ ਸਿਟੀ ਉੱਤੇ ਖਰਚੇ ਜਾਣਗੇ 21 ਕਰੋੜ ਰੁਪਏ
19 ਤੋਂ 30 ਨਵੰਬਰ ਤੱਕ ਸੰਗਤ ਦੇ ਠਹਿਰਣ ਲਈ ਦਿੱਤੀਆਂ ਜਾਣਗੀਆਂ ਸ਼ਾਨਦਾਰ ਸੁਵਿਧਾਵਾਂ
ਚੰਡੀਗੜ੍ਹ : ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਵਿੱਚ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਬਣਨੀ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ ਤਿੰਨ ਥਾਂਵਾਂ ਅਗਮਪੁਰ, ਪੀਐਸਪੀਸੀਐਲ ਗ੍ਰਾਂਊਡ ਮਟੋਰ ਅਤੇ ਝਿੰਜੜੀ ਵਿਖੇ ਬਣਾਈ ਜਾ ਰਹੀ ਹੈ ਸੌਂਦ ਨੇ ਦੱਸਿਆ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਟੈਂਟ ਸਿਟੀ ਦੀ ਸਥਾਪਨਾ ਉੱਤੇ 21.52 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ ਵਿੱਚ ਰੋਜ਼ਾਨਾ 10 ਤੋਂ 12 ਹਜ਼ਾਰ ਸੰਗਤਾਂ ਦੇ ਠਹਿਰਣ ਦਾ ਪ੍ਰਬੰਧ ਹੋਵੇਗਾ। ਇੱਥੇ ਸਾਰੀਆਂ ਜ਼ਰੂਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਨ੍ਹਾਂ ਦੱਸਿਆ ਕਿ ਟੈਂਟ ਸਿਟੀ 19 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਕਾਰਜਸ਼ੀਲ ਰਹੇਗੀ। ਉਨ੍ਹਾਂ ਦੱਸਿਆ ਕਿ ਟੈਂਟ ਆਨ ਲਾਈਨ ਬੁੱਕ ਕੀਤੇ ਜਾ ਸਕਦੇ ਹਨ, ਜਿਸਦੀ ਜਾਣਕਾਰੀ ਜਲਦ ਜਨਤਕ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਟੈਂਟ ਸਿਟੀ ਤੱਕ ਪੁੱਜਣ ਵਾਲੀਆਂ ਸੜਕਾਂ ਦਾ ਵੀ ਨਵੀਨੀਕਰਨ ਕੀਤਾ ਜਾਵੇ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਦੀ ਕਾਮਯਾਬੀ ਅਤੇ ਵਿਊਤਬੰਦੀ ਲਈ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੂਰੀ ਸੁਹਿਰਦਤਾ ਨਾਲ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨ।
--------