ਕੇਂਦਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਹਮੇਸ਼ਾ ਤਿਆਰ : ਐਸ ਆਰ ਲੱਧੜ
ਸੁਨਾਮ : ਪੰਜਾਬ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸੇਵਾਮੁਕਤ ਆਈ.ਏ.ਐਸ. ਅਧਿਕਾਰੀ ਐਸ.ਆਰ. ਲੱਧੜ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਆਫ਼ਤ ਰਾਹਤ ਫੰਡ ਬਾਰੇ ਜਨਤਾ ਤੋਂ ਸਚਾਈ ਲੁਕਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕੋਲ 12,000 ਕਰੋੜ ਰੁਪਏ ਦਾ ਫੰਡ ਹੈ, ਪਰ ਸਰਕਾਰ ਇਸ ਬਾਰੇ ਪਾਰਦਰਸ਼ੀ ਜਾਣਕਾਰੀ ਦੇਣ ਤੋਂ ਬਚ ਰਹੀ ਹੈ। ਉਨ੍ਹਾਂ ਆਖਿਆ ਕਿ ਸੂਬੇ ਦਾ ਵਿਤ ਵਿਭਾਗ ਕੁਦਰਤੀ ਆਫ਼ਤਾਂ ਰਾਹਤ ਫੰਡ ਦੇ ਬੈਂਕ ਖਾਤਿਆਂ ਨੂੰ ਜਨਤਕ ਕਰੇ ਤਾਂ ਜੋ ਸਚਾਈ ਪੰਜਾਬ ਦੀ ਜਨਤਾ ਸਾਹਮਣੇ ਆ ਸਕੇ। ਮੰਗਲਵਾਰ ਨੂੰ ਸੁਨਾਮ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ -2 ਦੇ ਪ੍ਰਧਾਨ ਦਾਮਨ ਬਾਜਵਾ ਦੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਆਰ ਲੱਧੜ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲਣ ਗਏ ਸਨ ਤਾਂ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਸੂਬਾ ਸਰਕਾਰ ਦੇ ਖਰਚੇ ਦਾ ਸਪੱਸ਼ਟ ਹਿਸਾਬ ਦੇਣ ਲਈ ਵੀ ਕਿਹਾ ਸੀ ਤਾਂ ਜੋ ਕੇਂਦਰ ਤੋਂ ਵਾਧੂ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਇਸ ਮੁੱਦੇ 'ਤੇ ਜਨਤਕ ਮੁਹਿੰਮ ਚਲਾਏਗੀ ਅਤੇ ਲੋਕਾਂ ਨੂੰ ਸੱਚਾਈ ਦੱਸੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਨੂੰ 1094.40 ਕਰੋੜ ਰੁਪਏ ਦਾ ਕੁਦਰਤੀ ਆਫ਼ਤ ਰਾਹਤ ਫੰਡ ਜਾਰੀ ਕੀਤਾ ਹੈ, ਪਰ ਸੂਬਾ ਸਰਕਾਰ ਇਸ ਮੁੱਦੇ ਦਾ ਰਾਜਨੀਤੀਕਰਨ ਕਰਕੇ ਆਪਣੀ ਅਸਫਲਤਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੇਵਾ ਮੁਕਤ ਆਈ ਏ ਐਸ ਅਧਿਕਾਰੀ ਲੱਧੜ ਨੇ ਕਿਹਾ, "ਪੰਜਾਬ ਸਰਕਾਰ ਰਾਹਤ ਅਤੇ ਮੁੜ ਵਸੇਬੇ ਦੀ ਬਜਾਏ ਬਿਆਨਬਾਜ਼ੀ ਵਿੱਚ ਜ਼ਿਆਦਾ ਰੁੱਝੀ ਹੋਈ ਹੈ। ਜਨਤਾ ਦੇਖ ਰਹੀ ਹੈ ਅਤੇ ਸਹੀ ਸਮੇਂ 'ਤੇ ਜਵਾਬ ਦੇਵੇਗੀ।" ਹਰਿਆਣਾ ਦੇ ਇੱਕ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ 'ਤੇ ਵਿਰੋਧੀ ਪਾਰਟੀਆਂ ਦੇ ਬਿਆਨਾਂ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਇਸ ਸੰਵੇਦਨਸ਼ੀਲ ਮੁੱਦੇ ਦਾ ਰਾਜਨੀਤੀਕਰਨ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਮ੍ਰਿਤਕ ਅਧਿਕਾਰੀ ਅਤੇ ਉਸਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਦੀ ਬਜਾਏ, ਇਨ੍ਹਾਂ ਪਾਰਟੀਆਂ ਨੇ ਇਸਨੂੰ ਇੱਕ ਰਾਜਨੀਤਿਕ ਹਥਿਆਰ ਵਿੱਚ ਬਦਲ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਹਾਕਮ ਧਿਰ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਤਾਇਨਾਤ ਰਹੇ ਆਈ ਪੀ ਐਸ ਅਧਿਕਾਰੀ ਦੇ ਖੁਦਕੁਸ਼ੀ ਮਾਮਲੇ ਵਿੱਚ ਦੋਹਰੇ ਮਾਪਦੰਡ ਅਪਣਾ ਰਹੀ ਹੈ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਲਾਲਪੁਰਾ ਨੂੰ ਮਾਨਯੋਗ ਅਦਾਲਤ ਨੇ ਐਸ ਸੀ ਐਸ ਟੀ ਐਕਟ ਤਹਿਤ ਸਜ਼ਾ ਸੁਣਾਈ ਹੈ ਲੇਕਿਨ ਸੂਬੇ ਦੀ ਸਰਕਾਰ ਉਸ ਦੀ ਮੈਂਬਰੀ ਬਚਾਉਣ ਤੇ ਲੱਗੀ ਹੋਈ ਹੈ ਜਦਕਿ ਕਾਨੂੰਨ ਅਜਿਹੀ ਇਜਾਜ਼ਤ ਨਹੀਂ ਦਿੰਦਾ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸੰਜੇ ਗੋਇਲ, ਰਿਸ਼ੀ ਪਾਲ ਖੇਰਾ, ਸ਼ੰਕਰ ਬਾਂਸਲ, ਦਰਸ਼ਨ ਸਿੰਘ, ਨਰਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।