ਜਵੰਦਾ ਦੇ ਪੁੱਤਰ ਵੱਲੋਂ ਅਗਨ ਭੇਂਟ ਕੀਤੀ ਗਈ
ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਖਰੀ ਮੱਥਾ ਟਿਕਾਇਆ ਗਿਆ
ਗਾਇਕ ਰਾਜਵੀਰ ਜਵੰਦਾ ਦੀ ਮਾਂ ਪਰਮਜੀਤ ਕੌਰ, ਪਤਨੀ ਅਤੇ ਬੱਚਿਆਂ ਦਾ ਰੋ=ਰੋ ਬੁਰਾ ਹਾਲ ਸੀ
ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਗਾਇਕ ਰਾਜਵੀਰ ਜਵੰਦਾ ਦਾ ਵਿਛੋੜਾ, ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ : ਭਗਵੰਤ ਮਾਨ
ਜਗਰਾਓਂ : ਹਿਮਾਚਲ ਦੇ ਬੱਦੀ ‘ਚ ਹੋਏ ਐਂਕਸੀਡੈਂਟ ਦੌਰਾਨ ਗੰਭੀਰ ਜਖ਼ਮੀ ਹੋਏ ਗਾਇਕ ਰਾਜਵੀਰ ਜਵੰਦਾ ਦੀ ਬੀਤੇ ਦਿਨ ਮੌਤ ਹੋ ਗਈ ਸੀ, ਜਿਸ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ (ਜਗਰਾਓਂ) ਵਿਖੇ ਗਰਾਊਂਡ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਗਾਇਕ ਰਾਜਵੀਰ ਜਵੰਦਾ ਦੇ ਪੁੱਤਰ ਵੱਲੋਂ ਅਗਨ ਭੇਂਟ ਕੀਤੀ ਗਈ। ਸਸਕਾਰ ਕਰਨ ਤੋਂ ਪਹਿਲਾਂ ਗਾਇਕ ਜਵੰਦਾ ਦੀ ਦੇਹ ਦਾ ਪੂਰੇ ਪਿੰਡ ਵਿੱਚ ਚੱਕਰ ਲਵਾਇਆ ਗਿਆ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਖਰੀ ਮੱਥਾ ਟਿਕਾਇਆ ਗਿਆ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਗਾਇਕ, ਕਲਾਕਾਰ, ਰਾਜਨੀਤਿਕ, ਧਾਰਮਿਕ ਸਖ਼ਸੀਅਤਾਂ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸੰਸ਼ਕਾਂ ਅਤੇ ਕਰੀਬੀਆਂ ਨੇ ਆਪਣੇ ਚਹੇਤੇ ਕਲਾਕਾਰ ਰਾਜਵੀਰ ਜਵੰਦਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਗਾਇਕ ਰਾਜਵੀਰ ਜਵੰਦਾ ਦੀ ਮਾਂ ਪਰਮਜੀਤ ਕੌਰ, ਪਤਨੀ ਅਤੇ ਬੱਚਿਆਂ ਦਾ ਰੋ=ਰੋ ਬੁਰਾ ਹਾਲ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਮਾਣਮੱਤੇ ਫ਼ਨਕਾਰ ਗਾਇਕ ਰਾਜਵੀਰ ਜਵੰਦਾ ਦਾ ਵਿਛੋੜਾ, ਪਰਿਵਾਰ ਅਤੇ ਸੰਗੀਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਰਾਜਵੀਰ ਦਾ ਪੰਜਾਬ-ਪੰਜਾਬੀਅਤ ਲਈ ਪਾਇਆ ਅਣਮੁੱਲ਼ਾ ਯੋਗਦਾਨ ਹਮੇਸ਼ਾ ਯਾਦ ਰਹੇਗਾ।
ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਪਿੰਡ ਦੀ ਸ਼ਾਨ ਮਰਹੂਮ ਗਾਇਕ ਰਾਜਵੀਰ ਜਵੰਦਾ ਦੀ ਪੋਨਾ ਵਿਖੇ ਯਾਦਗਾਰੀ ਬਣਾਈ ਜਾਵੇ।ਜਿਕਰਯੋਗ ਹੈ ਕਿ ਹਰਮਨ ਪਿਆਰੇ ਅਤੇ ਸ਼ੁਰੀਲੀ ਅਵਾਜ਼ ਦੇ ਮਾਲਕ ਗਾਇਕ ਰਾਜਵੀਰ ਜਵੰਦਾ ਗਾਇਕੀ ਦੇ ਨਾਲ ਨਾਲ ਬਾਈਕ ਰਾਇਡਿੰਗ ਦਾ ਸ਼ੌਂਕ ਰੱਖਦੇ ਸਨ, ਜਿਸ ਕਾਰਨ ਉਹ ਜਦੋਂ ਵੀ ਵਿਹਲੇ ਹੁੰਦੇ ਤਾਂ ਦੇਸ਼ ਦੇ ਵੱਖ ਵੱਖ ਇਲਾਕਿਆਂ ਵਿੱਚ ਮੋਟਰਸਾਈਕਲ ਤੇ ਸਫ਼ਰ ਕਰਦੇ ਰਹਿੰਦੇ ਸਨ। ਇਹੀ ਕਾਰਨ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਗਾਇਕ ਜਵੰਦਾ ਨੇ ਇੱਕ 27 ਲੱਖ ਦੇ ਕਰੀਬ ਦੀ ਬਾਈਕ ਖ੍ਰੀਦੀ ਸੀ, ਜਿਸ ਤੇ ਉਹ 27 ਸਤੰਬਰ ਨੂੰ ਸਿਮਲਾ ਜਾ ਰਹੇ ਸਨ, ਜਦੋਂ ਉਹ ਹਿਮਾਂਚਲ ਦੇ ਬੱਦੀ ਨੇੜੇ ਪੁੱਜੇ ਤਾਂ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਹਾਦਸੇ ਵਿੱਚ ਗਾਇਕ ਰਾਜਵੀਰ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਤੇ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਦੇ ਇਲਾਜ ਲਈ ਉੇਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।
ਜਿੱਥੇ ਉਸਦਾ 12 ਦਿਨ ਤੱਕ ਇਲਾਜ ਚੱਲਿਆ, ਬੀਤੀ ਕੱਲ੍ਹ ਪੰਜਾਬੀਆਂ ਦਾ ਚਹੇਤਾ ਗਾਇਕ ਦੁਨੀਆਂ ਨੂੰ ਅਲਵਿਦਾ ਆਖ਼ ਗਿਆ। ਜਿਸ ਦਿਨ ਤੋਂ ਗਾਇਕ ਰਾਜਵੀਰ ਜਵੰਦਾ ਦੇ ਐਂਕਸੀਡੈਂਟ ਦਾ ਉਸਦੇ ਚਹੇਤਿਆਂ, ਪ੍ਰਸ਼ੰਸਕਾਂ ਨੂੰ ਪਤਾ ਲੱਗਾ ਹੈ, ਉਸ ਦਿਨ ਤੋਂ ਹੀ ਉਸਦੀ ਸਲਾਮਤੀ ਲਈ ਅਰਦਾਸਾਂ ਕੀਤੀ ਜਾ ਰਹੀਆਂ ਸਨ। ਗਾਇਕ ਰਾਜਵੀਰ ਜਵੰਦਾ ਦੀ ਸਲਾਮਤੀ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਖੇ ਪਿੰਡ ਵਾਸੀਆਂ ਵੱਲੋਂ ਚੜਦੀ ਕਲਾ ਦੀ ਅਰਦਾਸ ਵੀ ਕੀਤੀ ਗਈ ਸੀ ਅਤੇ ਪਾਠ ਪ੍ਰਕਾਸ਼ ਕਰਵਾ ਕੇ ਭੋਗ ਵੀ ਪਾਏ ਗਏ।
ਇਸ ਮੌਕੇ ਗਾਇਕ ਕੰਵਰ ਗਰੇਵਾਲ, ਗਾਇਕ ਰਣਜੀਤ ਬਾਵਾ, ਗਾਇਕ ਸਤਿੰਦਰ ਸਰਤਾਜ, ਅਦਾਕਾਰ ਕਰਮਜੀਤ ਅਨਮੋਲ, ਅਦਾਕਾਰ ਮਲਕੀਤ ਰੌਣੀ, ਗਾਇਕ ਕੁਲਵਿੰਦਰ ਬਿੱਲਾ, ਪਿੰਕੀ ਧਾਲੀਵਾਲ, ਜਸਵੀਰਪਾਲ ਸਿੰਘ, ਅਦਾਕਾਰ ਰਘੁਬੀਰ ਬੋਲੀ, ਅਰਸ਼ਦੀਪ ਕਲੇਰ, ਗਾਇਕ ਗਗਨ ਕੋਕਰੀ, ਗਾਇਕ ਜਸਵੀਰ ਜੱਸੀ, ਗਾਇਕ ਐਮੀ ਵਿਰਕ, ਗਾਇਕ ਸੁਖਵਿੰਦਰ ਸੁੱਖੀ,ਸੰਗੀਤਕਾਰ ਜੀ ਗੁਰੀ, ਗਾਇਕ ਹਰਭਜਨ ਮਾਨ, ਗਾਇਕ ਰੇਸ਼ਮ ਅਨਮੋਲ, ਗਾਇਕ ਆਰ ਨੇਤ, ਗਾਇਕਾ ਸਤਵਿੰਸਦਰ ਬਿੱਟੀ, ਗਾਇਕਾ ਰੁਪਿੰਦਰ ਹਾਂਡਾ, ਗਾਇਕ ਬੱਬੂ ਮਾਨ, ਗਾਇਕਾ ਗੁਰਲੇਜ ਅਖ਼ਤਰ, ਅਦਾਕਾਰ ਪੁਖਰਾਜ ਭੱਲਾ, ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਗੀਤਕਾਰ ਭੱਟੀ ਭੜੀ ਵਾਲਾ, , ਦਰਸ਼ਨ ਔਲਖ, ਗਾਇਕ ਜਸ ਬਾਜਵਾ ਆਦਿ ਤੋਂ ਇਲਾਵਾ ਲੱਖਾਂ ਦੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।