ਸੁਨਾਮ : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਵੱਲੋਂ ਮੁਲਕ ਅੰਦਰ ਸ਼ੁਰੂ ਕੀਤੀ ਵੋਟ ਚੋਰ, ਗੱਦੀ ਛੋੜ ਦਸਤਖ਼ਤੀ ਮੁਹਿੰਮ ਤਹਿਤ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਤਾਜ਼ ਸਿਟੀ ਸੁਨਾਮ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਭਰਵੀਂ ਮੀਟਿੰਗ ਦਾ ਆਯੋਜਨ ਕਰਕੇ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਹਲਕਾ ਸੁਨਾਮ ਦੇ ਕੋਆਰਡੀਨੇਟਰ ਗੁਰਪਿਆਰ ਸਿੰਘ ਧੂਰਾ, ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਖੇਪਲ, ਮਹਿਲਾ ਕਾਂਗਰਸ ਦੀ ਬਲਾਕ ਪ੍ਰਧਾਨ ਸ਼ਸ਼ੀ ਬਾਲਾ, ਜਸਵੰਤ ਸਿੰਘ ਭੰਮ ਤੋਂ ਇਲਾਵਾ ਅਵਤਾਰ ਸਿੰਘ ਤਾਰੀ, ਮਲਕੀਤ ਸਿੰਘ ਤੋਲਾਵਾਲ, ਅਜੇਵੀਰ ਸਿੰਘ ਚਹਿਲ, ਕਰਮਜੀਤ ਕੌਰ ਮਾਡਲ ਟਾਊਨ, ਨਰੇਸ਼ ਸ਼ਰਮਾ, ਪ੍ਰਮੋਦ ਅਵਸਥੀ, ਹਰਜੀਤ ਕੌਰ ਝਾੜੋਂ, ਸਾਬਕਾ ਸਰਪੰਚ ਪਰਮਜੀਤ ਕੌਰ ਨਾਗਰਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਮਨਪ੍ਰੀਤ ਸਿੰਘ ਮਨੀ ਵੜ੍ਹੈਚ ਅਤੇ ਹਰਭਜਨ ਸਿੰਘ ਜਖੇਪਲ ਨੇ ਆਖਿਆ ਕਿ ਭਾਜਪਾ ਦੀਆਂ ਸ਼ਰਾਰਤ ਪੂਰਨ ਕਾਰਵਾਈਆਂ ਨੂੰ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਮੁਲਕ ਦੀ ਜਨਤਾ ਸਾਹਮਣੇ ਨੰਗਾ ਕੀਤਾ ਹੈ। ਉਨ੍ਹਾਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਨੂੰ ਵੀ ਆਪਣੇ ਸਵਾਰਥਾਂ ਲਈ ਵਰਤਿਆ ਹੈ। ਬੁਲਾਰਿਆਂ ਨੇ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਦੀਆਂ ਚਾਲਾਂ ਨੂੰ ਸਮਝ ਚੁੱਕੀ ਹੈ, ਭਵਿੱਖ ਵਿੱਚ ਲੋਕ ਭਾਜਪਾ ਨੂੰ ਦੇਸ਼ ਦੀ ਰਾਜ ਸਤਾ ਤੋਂ ਲਾਂਭੇ ਕਰਨ ਲਈ ਤਿਆਰ ਬੈਠੇ ਹੋਏ ਹਨ। ਚੇਅਰਮੈਨ ਰਾਜਾ ਬੀਰਕਲਾਂ ਨੇ ਦੱਸਿਆ ਕਿ ਵੋਟ ਚੋਰ ਗੱਦੀ ਛੋੜ ਦਸਤਖ਼ਤੀ ਮੁਹਿੰਮ ਨੂੰ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਪਿੰਡ ਵਿੱਚ ਲੈ ਜਾਇਆ ਜਾਵੇਗਾ ਤਾਂ ਜੋ ਭਾਜਪਾ ਦੀਆਂ ਸ਼ਰਾਰਤ ਪੂਰਨ ਕਾਰਵਾਈਆਂ ਦਾ ਪਤਾ ਹਰ ਬੂਥ ਪੱਧਰ ਤੇ ਲਗਾਇਆ ਜਾ ਸਕੇ। ਉਨ੍ਹਾਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਆਰਥਿਕ ਕੰਗਾਲੀ ਦੀ ਕਗਾਰ ਤੇ ਪਹੁੰਚਾ ਦਿੱਤਾ ਹੈ। ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪਵੇਗਾ।