ਮੋਹਾਲੀ : ਐਕਟਿਵ ਜਰਨਲਿਸਟਸ ਯੂਨੀਅਨ ਆੱਫ ਪੰਜਾਬ (ਏ.ਜੇ.ਯੂ.ਪੀ) ਨੇ ਬਠਿੰਡਾ ਦੇ ਪੱਤਰਕਾਰ ਭਾਰਤ ਭੂਸ਼ਨ (ਅਮਰ ਉਜਾਲਾ) ਵਿਰੁੱਧ ਦਰਜ ਪਰਚੇ ਦੀ ਨਿਖੇਧੀ ਕਰਦੇ ਹੋਏ, ਇਨਡੀਪੇਨਡੇਨਟ ਜਰਨਲਿਸਟਸ ਕਮਿਸ਼ਨ ਆੱਫ ਇਨਕੁਆਰੀ (ਆਈ.ਜੇ.ਸੀ.ਆਈ) ਨੂੰ ਬੇਨਤੀ ਕੀਤੀ ਹੈ ਕੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇ। ਆਈ.ਜੇ.ਸੀ.ਆਈ ਦੇ ਚੇਅਰਮੈਨ ਜਸਟਿਸ (ਰਿਟਾਇਰਡ) ਰਣਜੀਤ ਸਿੰਘ ਰੰਧਾਵਾ ਹਨ ਜਦਕਿ ਪ੍ਰੋਫੈਸਰ ਐੱਚ ਐੱਸ ਵਾਲਿਆ ਅਤੇ ਐਡਵੋਕੇਟ ਟੀ.ਪੀ. ਐਸ ਤੁੰਗ ਮੈਂਬਰ ਹਨ। ਸੇਵਾ ਮੁਕਤ ਜਸਟਿਸ ਰੰਧਾਵਾ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਇਸ ਮਸਲੇ ਦੀ ਕਮੀਸ਼ਨ ਵੱਲੋਂ ਨਿਰਪੱਖ ਪੜਤਾਲ ਕੀਤੀ ਜਾਵੇਗੀ। ਏ ਜੇ ਯੂ ਪੀ ਦੀ ਜਰਨਲ ਸਕੱਤਰ ਕਿਰਨਦੀਪ ਕੌਰ ਨੇ ਕਿਹਾ ਕਿ ਪੱਤਰਕਾਰ ਭਾਰਤ ਭੂਸ਼ਨ ਬਠਿੰਡਾ ਸਿਵਿਲ ਹਸਪਤਾਲ ਚ ਗੋਡਿਆਂ ਦੇ ਇਲਾਜ਼ ਚ ਕੀਤੀ ਜਾ ਰਹੀ ਠੱਗੀ ਠੋਰੀ ਬਾਰੇ ਆਰ.ਟੀ.ਆਈ ਰਾਹੀਂ ਜਾਣਕਾਰੀ ਇਕੱਠੀ ਕਰ ਰਿਹਾ ਸੀ। ਆਯੂਸ਼ਮਾਨ ਸਕੀਮ ਤਹਿਤ ਕਾਰਡ ਹੋਲਡਰ ਦੇ ਨਵੇਂ ਗੋਡੇ 50 ਹਜ਼ਾਰ ਚ ਬਦਲੇ ਜਾਂਦੇ ਸਨ ,ਜਦਕਿ ਇਹ ਗੋਡੇ 25 ਹਜ਼ਾਰ ਰੁਪਏ ਦੀ ਕੀਮਤ ਦੇ ਸਨ। ਪੱਤਰਕਾਰ ਭੂਸ਼ਨ ਮੁਤਾਬਿਕ ਖਬਰ ਤੇ ਕੰਮ ਕਰਦਿਆਂ ਉਸਨੂੰ ਪਹਿਲਾਂ ਪੈਸੇ ਆਫਰ ਕੀਤੇ ਗਏ ਫੇਰ ਧਮਕਾਇਆ ਗਿਆ। ਜਦੋਂ ਉਸਨੇ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਡਾਕਟਰਾਂ ਨੇ ਸਰਕਾਰੀ ਪੱਧਰ ਤੇ ਜ਼ੋਰ ਪਾ ਕੇ ਉਸ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾ ਦਿੱਤੀ। ਬਠਿੰਡਾ ਪ੍ਰੈਸ ਕਲੱਬ ਦੇ ਪ੍ਰਧਾਨ ਬਖਤੌਰ ਸਿੰਘ ਢਿੱਲੋਂ ਨੇ ਏ.ਜੇ.ਯੂ.ਪੀ ਦੇ ਪ੍ਰਧਾਨ ਰਾਜਿੰਦਰ ਸਿੰਘ ਤੱਗੜ ਨੂੰ ਦੱਸਿਆ ਕੇ ਕਲੱਬ ਪੱਤਰਕਾਰ ਭੂਸ਼ਨ ਦੇ ਨਾਲ ਖੜਾ ਹੈ। ਤੱਗੜ ਨੇ ਬਠਿੰਡਾ ਦੇ ਪੱਤਰਕਾਰ ਭਾਈਚਾਰੇ ਦੀ ਪੂਰੀ ਹਿਮਾਇਤ ਕਰਨ ਦਾ ਭਰੋਸਾ ਦਵਾਇਆ। ਲੋੜ ਪੈਣ ਤੇ ਏ ਜੇ ਯੂ ਪੀ ਦਾ ਇਕ ਵਫਦ ਬਠਿੰਡਾ ਜਾਏਗਾ।