Malerkotla : ਸੈਟਲਾਈਟ ਮਾਨੀਟਰਿੰਗ ਰਾਹੀਂ ਮਾਲੇਰਕੋਟਲਾ ਸਬ ਡਵੀਜਨ ਦੇ ਪਿੰਡ ਅਜੀਮਾਬਾਦ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਘਟਨਾ ਦਰਜ ਕੀਤੀ ਗਈ ਹੈ। ਇਸ ਸਬੰਧ ਵਿੱਚ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵੱਲੋਂ ਤੁਰੰਤ ਸੰਬੰਧਤ ਕਿਸਾਨ ਵਿਰੁੱਧ ਵਿਭਾਗੀ ਮੁਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਨੋਡਲ ਅਤੇ ਫੀਲਡ ਅਧਿਕਾਰੀਆਂ ਨੂੰ ਫੀਲਡ ਰਿਪੋਰਟ ਸਬਮਿਟ ਕਰਵਾਉਣ ਦੇ ਆਦੇਸ਼ ਦਿੱਤੇ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਆਰੰਭੀ ਜਾ ਸਕੇ। ਫੀਲਡ ਰਿਪੋਰਟ ਸਬਮਿਟ ਹੋਣ ਉਪਰੰਤ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਵਲੋਂ ਮੌਕੇ ’ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਐਸ.ਡੀ.ਐਮ. ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ ਅਤੇ ਸਬੰਧਤ ਵਿਭਾਗਾਂ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਜੀਰੋ ਸਹਿਣਸ਼ੀਲਤਾ ਦਾ ਰੁੱਖ ਅਖਤਿਆਰ ਕਰਦਿਆਂ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਕਰਦਿਆ ਪਰਾਲੀ ਸਾੜਨ ਵਾਲੇ ਕਿਸਾਨ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰਿੰਗ, ਪਰਚਾ ਦਰਜ ਕੀਤਾ ਜਾਵੇ ਅਤੇ ਹਦਾਇਤਾਂ ਅਨੁਸਾਰ ਜੁਰਮਾਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਸੈਟਲਾਈਟ ਮਾਨੀਟਰਿੰਗ ਸਿਸਟਮ ਤੇ ਤਿੰਨ ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ । ਜਿਨ੍ਹਾਂ ਤੇ ਫੋਰੀ ਕਾਰਵਾਈ ਆਰੰਭ ਕੇ ਰਾਸ਼ਟਰੀ ਗਰੀਨ ਟ੍ਰਿਬਉਨਲ ਅਤੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਨੂੰ ਅਮਲ ਵਿੱਲ ਲਿਆਂਦਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਰਾਲੀ ਸਾੜਨ ਦੀਆਂ ਘਟਨਾਵਾਂ ਪ੍ਰਤੀ ਜੀਰੋ ਟੋਲਰੈਂਸ ਨੀਤੀ ਅਖਤਿਆਰ ਕੀਤੀ ਹੈ। ਕਿਸੇ ਵੀ ਕਿਸਾਨ ਵੱਲੋਂ ਪਰਾਲੀ ਜਾਂ ਰਹਿੰਦ-ਖੂਹਦ ਨੂੰ ਅੱਗ ਲਗਾਉਣ ਦੀ ਕਾਰਵਾਈ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ ਅਤੇ ਸੰਬੰਧਤ ਧਾਰਾਵਾਂ ਅਧੀਨ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਰਾਸ਼ਟਰੀ ਗਰੀਨ ਟ੍ਰਿਬਉਨਲ ਅਤੇ ਮਾਨਯੋਗ ਸਪ੍ਰੀਮ ਕੋਰਟ ਵੱਲੋਂ ਵੀ ਪਰਾਲੀ ਸਾੜਨ ਨੂੰ ਲੈ ਕੇ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਦਾਇਤਾਂ ਅਨੁਸਾਰ ਪਰਾਲੀ ਸਾੜਨ ਨੂੰ ਗੰਭੀਰ ਵਾਤਾਵਰਣਕ ਅਪਰਾਧ ਮੰਨਿਆ ਗਿਆ ਹੈ ਅਤੇ ਇਸਦੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਨਿਰਧਾਰਤ ਕਾਰਵਾਈ ਕਰਨ ਦੇ ਹੁਕਮ ਹਨ। ਇਸ ਕਾਰਨ ਕੋਈ ਵੀ ਕਿਸਾਨ ਜਾਂ ਵਿਅਕਤੀ ਇਸ ਤਰ੍ਹਾਂ ਦੀ ਘਟਨਾ ਅੰਜਾਮ ਦੇਵੇਗਾ ਤਾਂ ਉਸਦੇ ਵਿਰੁੱਧ ਨਾਂ ਕੇਵਲ ਜੁਰਮਾਨਾ ਲਗਾਇਆ ਜਾਵੇਗਾ ਬਲਕਿ ਫੌਜਦਾਰੀ ਕਾਰਵਾਈ ਵੀ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਗੁਰੂਆਂ-ਪੀਰਾਂ ਦੇ ਦਰਸਾਏ ਮਾਰਗਾਂ ’ਤੇ ਚਲਦੇ ਹੋਏ ਹਵਾ, ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਸੁਰੱਖਿਅਤ ਕਰਨ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਉਨ੍ਹਾਂ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਫਸਲੀ ਅਵਸ਼ੇਸ਼ਾਂ ਨੂੰ ਨਾ ਸਾੜਿਆ ਜਾਵੇ ਅਤੇ ਵਾਤਾਵਰਣ ਦੀ ਰੱਖਿਆ ਲਈ ਸਰਕਾਰ ਦੇ ਯਤਨਾਂ ਵਿੱਚ ਆਪਣਾ ਪੂਰਾ ਸਹਿਯੋਗ ਦੇਣ। ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ “ਕਿਸਾਨ ਭਰਾਵੋ, ਅੱਗ ਨਾ ਲਗਾਓ -ਕੁਦਰਤ ਦੀ ਰੱਖਿਆ ਕਰੋ। ਆਓ ਸਾਰੇ ਮਿਲ ਕੇ ਹਰੇ-ਭਰੇ ਅਤੇ ਪ੍ਰਦੂਸ਼ਣ ਰਹਿਤ ਪੰਜਾਬ ਦੀ ਨਿਰਮਾਣ ਯਾਤਰਾ ਵਿੱਚ ਆਪਣਾ ਯੋਗਦਾਨ ਪਾਈਏ।