ਸੁਨਾਮ : ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਵਿਖੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਾਵਜੂਦ ਅਜਿਹੇ ਹਾਲਾਤਾਂ ਦੇ ਸਿਹਤ ਵਿਭਾਗ ਜਨਤਾ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਸਲਾਹ ਦੇ ਰਿਹਾ ਹੈ। ਬਿਮਾਰੀ ਤੋਂ ਪੀੜਤ ਬੇਵੱਸ ਹੋਏ ਲੋਕ ਆਰਥਿਕ ਤੰਗੀ ਦੇ ਚੱਲਦਿਆਂ ਨਿੱਜੀ ਹਸਪਤਾਲਾਂ ਵਿੱਚ ਇਲਾਜ਼ ਕਰਵਾਉਣ ਲਈ ਮਜਬੂਰ ਹੋ ਰਹੇ ਹਨ। ਮੌਜੂਦਾ ਸਮੇਂ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਵਿੱਚ ਮੈਡੀਸਿਨ ਦਾ ਮਾਹਿਰ ਡਾਕਟਰ ਨਾ ਹੋਣ ਕਾਰਨ ਸਿਹਤ ਵਿਭਾਗ ਨੇ ਆਰਜ਼ੀ ਤੌਰ ਤੇ ਅਗਲੇ ਛੇ ਦਿਨਾਂ ਲਈ ਤਿੰਨ ਮੈਡੀਸਿਨ ਅਤੇ ਇੱਕ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਤਾਇਨਾਤ ਕੀਤਾ ਹੈ। ਮੰਗਲਵਾਰ ਨੂੰ ਸੁਨਾਮ ਵਿਖੇ ਮੈਡੀਕਲ ਜਾਂਚ ਕੈਂਪ ਲਾਉਣ ਬਾਰੇ ਜਾਣਕਾਰੀ ਦਿੰਦਿਆਂ ਇੰਚਾਰਜ਼ ਐਸ ਐਮ ਓ ਅਮਿੱਤ ਸਿੰਗਲਾ ਅਤੇ ਡਾਕਟਰ ਉਪਾਸਨਾ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਬਿਮਾਰੀ ਤੋਂ ਪੀੜਤ ਲੋਕਾਂ ਦੀ ਜਾਂਚ ਕਰਨ ਲਈ ਮੈਡੀਸਿਨ ਦੇ ਤਿੰਨ ਅਤੇ ਬੱਚਿਆਂ ਦੇ ਮਾਹਿਰ ਇੱਕ ਡਾਕਟਰ ਦੀ ਡਿਊਟੀ ਅਗਲੇ ਛੇ ਦਿਨਾਂ ਤੱਕ ਲਾਈ ਹੈ ਜਿਹੜੇ ਪ੍ਰਭਾਵਿਤ ਇਲਾਕਿਆਂ ਵਿੱਚ ਜਾਕੇ ਓਪੀਡੀ ਕਰਨਗੇ। ਉਨ੍ਹਾਂ ਆਖਿਆ ਕਿ ਭਾਰੀ ਮੀਂਹ ਉਪਰੰਤ ਸ਼ਹਿਰ ਸੁਨਾਮ ਦੇ ਕਈ ਇਲਾਕਿਆਂ ਵਿੱਚ ਬੁਖ਼ਾਰ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਲਈ ਸੁਨਾਮ ਵਿਖੇ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਹਰ ਵਾਰਡ ਅਤੇ ਘਰ-ਘਰ ਜਾਕੇ ਸਿਹਤ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਜ ਸੁਨਾਮ ਸ਼ਹਿਰ ਦੇ ਸਲੱਮ ਖੇਤਰ ਵਿਖੇ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਉਨ੍ਹਾਂ ਮੁੜ ਦੁਹਰਾਇਆ ਕਿ ਚਿਕਨ ਗੁਨੀਆ ਹੋਣ ਦੀ ਪੁਸ਼ਟੀ ਬਕਾਇਦਾ ਲੋੜੀਂਦਾ ਟੈਸਟ ਕਰਵਾਉਣ ਤੋਂ ਬਾਅਦ ਹੀ ਪਤਾ ਲੱਗ ਸਕਦਾ ਹੈ ਸੁਨਾਮ ਵਿਖੇ ਮੌਜੂਦਾ ਸਮੇਂ ਲੋਕ ਵਾਇਰਲ ਬੁਖਾਰ ਤੋਂ ਪੀੜਤ ਹਨ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਡੇਂਗੂ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਵਿੱਚ ਤੇਜ਼ ਬੁਖ਼ਾਰ, ਸਰੀਰ ਵਿੱਚ ਦਰਦ, ਜੋੜਾਂ ਵਿੱਚ ਦਰਦ, ਪੇਟ ਵਿੱਚ ਗੜਬੜ ਅਤੇ ਕਈ ਵਾਰ ਭੁੱਖ ਦੀ ਕਮੀ ਆਦਿ ਦੇ ਲੱਛਣ ਵੇਖਣ ਨੂੰ ਮਿਲਦੇ ਹਨ। ਜੇਕਰ ਕਿਸੇ ਮਰੀਜ਼ ਵਿੱਚ ਉਪਰੋਕਤ ਲੱਛਣ ਪਰਿਵਾਰਕ ਮੈਂਬਰਾਂ ਦੁਆਰਾ ਵੇਖੇ ਜਾਣ, ਤਾਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ ਜਾਂ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਕੋਲ ਲਿਜਾਇਆ ਜਾਏ।
ਡੱਬੀ
ਮੈਡੀਕਲ ਟੀਮਾਂ ਵੱਲੋਂ ਜਾਂਚ ਖ਼ਾਨਾਪੂਰਤੀ ਤੱਕ ਸਿਮਟੀ : ਵੜ੍ਹੈਚ
ਇਸੇ ਦੌਰਾਨ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਨੇ ਦੱਸਿਆ ਕਿ ਸ਼ਹਿਰ ਅੰਦਰ ਗੰਭੀਰ ਬਿਮਾਰੀ ਦੇ ਚੱਲਦਿਆਂ ਹਲਕਾ ਵਿਧਾਇਕ ਅਤੇ ਮੰਤਰੀ ਅਮਨ ਅਰੋੜਾ ਦੁਆਰਾ ਸ਼ਹਿਰ ਦੇ ਹਰ ਵਾਰਡ ਵਿੱਚ ਇੱਕੋ ਸਮੇਂ ਮੈਡੀਕਲ ਟੀਮਾਂ ਭੇਜਣ ਲਈ ਬਕਾਇਦਾ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੇਕਿਨ ਉਹ ਸਿਰਫ਼ ਸਰਵੇ ਕਰਨ ਤੱਕ ਸੀਮਤ ਹੋਕੇ ਰਹਿ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਸਿਹਤ ਵਿਭਾਗ ਦੇ ਅਮਲੇ ਦੀਆਂ ਟੀਮਾਂ ਘੱਟ ਹੀ ਨਜ਼ਰੀਂ ਪੈ ਰਹੀਆਂ ਹਨ, ਜਿੱਥੇ ਕਿਤੇ ਜਾ ਰਹੀਆਂ ਹਨ ਤਾਂ ਉਨ੍ਹਾਂ ਕੋਲ ਬੁਖਾਰ ਚੈੱਕ ਕਰਨ ਲਈ ਥਰਮਾਮੀਟਰ ਤੱਕ ਨਹੀਂ ਹੈ ਅਤੇ ਨਾ ਹੀ ਕੋਈ ਮੈਡੀਕਲ ਕਿਟ ਮੌਜੂਦ ਹੈ। ਉਨ੍ਹਾਂ ਸਵਾਲ ਖੜ੍ਹੇ ਕੀਤੇ ਹਨ ਕਿ ਸੂਬੇ ਦੀ ਸਰਕਾਰ ਲੋਕਾਂ ਨੂੰ ਸਿਹਤ ਕ੍ਰਾਂਤੀ ਦੇ ਨਾਂਅ ਹੇਠ ਗੁੰਮਰਾਹ ਕਰ ਰਹੀ ਹੈ।