ਸੁਨਾਮ : ਨਗਰ ਕੌਂਸਲ ਸੁਨਾਮ ਦੀ ਹਦੂਦ ਵਿੱਚ ਪੈਂਦੀ ਸ਼ਹਿਰ ਦੀ ਬਖ਼ਸ਼ੀਵਾਲਾ ਰੋਡ ਤੇ ਲੱਗਿਆ ਕੂੜੇ ਦਾ ਡੰਪ ਚੁੱਕ ਲਿਆ ਗਿਆ ਹੈ। ਮੀਡੀਆ ਵਿੱਚ ਰਿਪੋਰਟਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਕੂੜਾ ਚੁੱਕੇ ਜਾਣ ਤੋਂ ਬਾਅਦ ਗੁਆਂਢ ਵਸਦੇ ਲੋਕਾਂ ਨੇ ਸੁੱਖ ਦਾ ਸਾਂਹ ਲਿਆ ਹੈ। ਦੱਸ ਦੇਈਏ ਲੋਕਾਂ ਨੂੰ ਕੂੜੇ ਦੇ ਡੰਪ ਤੋਂ ਦਰਪੇਸ਼ ਮੁਸ਼ਕਿਲਾ ਨੂੰ ਮੀਡੀਆ ਨੇ ਉਸ ਸਮੇਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਦੋਂ ਸੁਨਾਮ ਵਿਖੇ ਬਿਮਾਰੀਆਂ ਦਾ ਪ੍ਰਕੋਪ ਸਿਖ਼ਰ ਤੇ ਹੈ। ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਆਗੂ ਵਰਿੰਦਰ ਕੌਸ਼ਿਕ ਅਤੇ ਕੌਂਸਲਰ ਦੇ ਪਤੀ ਪ੍ਰਿਤਪਾਲ ਸਿੰਘ ਕਾਲਾ ਨੇ ਦੱਸਿਆ ਕਿ ਲੋਕਾਂ ਲਈ ਸਿਰਦਰਦੀ ਬਣਿਆ ਬਖ਼ਸ਼ੀਵਾਲਾ ਰੋਡ ਤੇ ਲੱਗਿਆ ਕੂੜੇ ਦਾ ਡੰਪ ਨਗਰ ਕੌਂਸਲ ਦੇ ਕਾਮਿਆਂ ਵੱਲੋਂ ਚੁੱਕ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਵਾਰ ਵਾਰ ਤਾਕੀਦ ਕਰਨ ਦੇ ਬਾਵਜੂਦ ਕੂੜੇ ਦਾ ਡੰਪ ਨਹੀਂ ਚੁੱਕਿਆ ਗਿਆ ਜਿਸ ਕਾਰਨ ਲੋਕਾਂ ਨੂੰ ਕੌਂਸਲ ਖ਼ਿਲਾਫ਼ ਪ੍ਰਦਰਸ਼ਨ ਕਰਨਾ ਪਿਆ। ਉਨ੍ਹਾਂ ਆਖਿਆ ਕਿ ਨਗਰ ਕੌਂਸਲ ਅਧਿਕਾਰੀਆਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਸੀ। ਉਨ੍ਹਾਂ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਮੀਡੀਆ ਅਦਾਰਿਆਂ ਵੱਲੋਂ ਦਿੱਤੇ ਸਹਿਯੋਗ ਬਦਲੇ ਗੱਲ ਕਰਦਿਆਂ ਆਖਿਆ ਕਿ ਲੋਕਤੰਤਰ ਦੇ ਚੌਥੇ ਥੰਮ ਕਾਰਨ ਹੀ ਕੂੜੇ ਦਾ ਡੰਪ ਚੁੱਕਿਆ ਜਾ ਸਕਿਆ ਹੈ। ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਕੇ ਕੰਮ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਸੁਨਾਮ ਸ਼ਹਿਰ ਅੰਦਰ ਚਿਕਨ ਗੁਨੀਆ ਅਤੇ ਵਾਇਰਲ ਬੁਖਾਰ ਦੀ ਭਰਮਾਰ ਹੈ, ਸੜਕਾਂ ਕਿਨਾਰੇ ਲੱਗੇ ਕੂੜੇ ਦੇ ਡੰਪ ਹੋਰ ਵੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ।