ਸੁਨਾਮ : ਪੁਨਰ ਸੁਰਜੀਤ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸੁਨਾਮ ਸ਼ਹਿਰ ਵਿੱਚ ਬਿਮਾਰੀਆਂ ਫੈਲਣ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਇਲਾਕੇ ਵਿੱਚ ਵਾਇਰਲ ਬੁਖਾਰ, ਉਲਟੀਆਂ, ਦਸਤ ਅਤੇ ਹੋਰ ਮੌਸਮੀ ਬਿਮਾਰੀਆਂ ਨੇ ਤਬਾਹੀ ਮਚਾ ਦਿੱਤੀ ਹੈ। ਹਾਲਾਤ ਇੰਨੇ ਵਿਗੜ ਗਏ ਹਨ ਕਿ ਮਰੀਜ਼ ਹਰ ਗਲੀ ਅਤੇ ਮੁਹੱਲੇ ਤੋਂ ਹਸਪਤਾਲਾਂ ਤੱਕ ਪਹੁੰਚ ਰਹੇ ਹਨ, ਪਰ ਨਾ ਤਾਂ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਕੇ ਕੋਈ ਕਦਮ ਚੁੱਕ ਰਿਹਾ ਹੈ। ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿੱਚ ਪਰਮਿੰਦਰ ਸਿੰਘ ਢੀਂਡਸਾ ਨੇ ਵਿਅੰਗ ਕੱਸਦਿਆਂ ਕਿਹਾ ਕਿ ਬਿਮਾਰੀਆਂ ਦੇ ਇਸ ਕਹਿਰ ਨੇ ਸਰਕਾਰ ਦੀ ਸਿਹਤ ਕ੍ਰਾਂਤੀ" ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ਮੌਜੂਦਾ ਸਮੇਂ ਸੱਤਾ ਦੇ ਗੜ੍ਹ ਮੰਨੇ ਜਾਣ ਵਾਲੇ ਇਲਾਕੇ ਸੁਨਾਮ ਵਿੱਚ ਲੋਕਾਂ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਹੈ। ਹਾਕਮ ਧਿਰ ਦੇ ਚੁਣੇ ਹੋਏ ਨੁਮਾਇੰਦੇ ਗਾਇਬ ਹਨ, ਅਧਿਕਾਰੀ ਚੁੱਪ , ਅਤੇ ਲੋਕ ਪੀੜਤ ਹਨ , ਇਹ ਵਰਤਾਰਾ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰਦਾ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਬਿਮਾਰੀ ਨਾਲ ਜੂਝ ਰਹੇ ਪਰਿਵਾਰਾਂ ਦੀ ਦੁਰਦਸ਼ਾ ਬਹੁਤ ਚਿੰਤਾਜਨਕ ਹੈ। ਕਈ ਘਰਾਂ ਵਿੱਚ ਲੋਕ ਹਫ਼ਤਿਆਂ ਤੋਂ ਮੰਜਿਆਂ 'ਤੇ ਪਏ ਹਨ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਦੁੱਖ ਝੱਲ ਰਿਹਾ ਹੈ, ਪਰ ਸਰਕਾਰ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਵਿਰੋਧੀ ਪਾਰਟੀਆਂ ਦੇ ਆਗੂਆਂ ਦੁਆਰਾ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਨਤਕ ਕਰਨ ਦੇ ਬਾਵਜੂਦ ਸਿਹਤ ਵਿਭਾਗ ਨੇ ਵੀ ਕੋਈ ਠੋਸ ਕਦਮ ਨਹੀਂ ਚੁੱਕੇ। ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਅਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਹੈ। ਆਮ ਨਾਗਰਿਕ ਪੁੱਛ ਰਹੇ ਹਨ, "ਜੇ ਮੁੱਖ ਮੰਤਰੀ ਅਤੇ ਰਾਜ ਕਰਦੀ ਪਾਰਟੀ ਦੇ ਸੂਬਾ ਪ੍ਰਧਾਨ ਦੇ ਆਪਣੇ ਹਲਕਿਆਂ ਦੀ ਇਹੀ ਹਾਲਤ ਹੈ, ਤਾਂ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਲੋਕਾਂ ਦੀ ਦੇਖਭਾਲ ਕੌਣ ਕਰੇਗਾ?" ਢੀਂਡਸਾ ਨੇ ਸਰਕਾਰ ਤੋਂ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਸਥਿਤੀ ਨੂੰ ਕਾਬੂ ਵਿੱਚ ਨਾ ਲਿਆਂਦਾ ਗਿਆ ਤਾਂ ਅਕਾਲੀ ਦਲ (ਪੁਨਰ ਸੁਰਜੀਤ ) ਸੜਕਾਂ ਤੋਂ ਲੈਕੇ ਵਿਧਾਨ ਸਭਾ ਤੱਕ ਲੋਕਾਂ ਦੀ ਆਵਾਜ਼ ਬੁਲੰਦ ਕਰੇਗਾ।