ਅੰਮ੍ਰਿਤਸਰ : ਪੰਜਾਬ ਦੇ ਖੇਤਾਂ ਨੂੰ ਹੜ੍ਹਾਂ ਨੇ ਬੇਹੱਦ ਤਬਾਹ ਕਰ ਦਿੱਤਾ ਹੈ। ਹਾਲਾਤ ਇਹ ਹਨ ਕਿ ਬੇਅੰਤ ਕਿਸਾਨ ਘਰੋਂ ਉਜੜ ਗਏ ਹਨ ਅਤੇ ਖੇਤ ਬਰਬਾਦੀ ’ਚ ਬਦਲ ਗਏ ਹਨ। ਇਸ ਭਿਆਨਕ ਘੜੀ ਵਿੱਚ ਸਿੱਖ ਕੌਮ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਨੇ ਪ੍ਰਭਾਵਿਤ ਕਿਸਾਨਾਂ ਨੂੰ ਆਪਣੇ ਪੈਰਾਂ ’ਤੇ ਮੁੜ ਖੜ੍ਹਾ ਕਰਨ ਦਾ ਫੈਸਲਾ ਕੀਤਾ ਹੈ। ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ ਨੇ ਸਪੱਸ਼ਟ ਕੀਤਾ ਕਿ “ਕਿਸਾਨੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ। ਹੜ੍ਹ ਕਾਰਨ ਉਜੜੇ ਕਿਸਾਨਾਂ ਨੂੰ ਮੁੜ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਸਾਡਾ ਧਾਰਮਿਕ ਅਤੇ ਕੌਮੀ ਫ਼ਰਜ਼ ਹੈ। ਟਕਸਾਲ ਇਹ ਯਕੀਨੀ ਬਣਾਵੇਗੀ ਕਿ ਕਿਸਾਨ ਹੌਸਲਾ ਨਾ ਹਾਰਣ।”
ਟਕਸਾਲ ਦੇ ਆਗੂ ਭਾਈ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਫ਼ੈਸਲੇ ਅਧੀਨ ਪ੍ਰਭਾਵਿਤ ਖੇਤਾਂ ਨੂੰ ਦੁਬਾਰਾ ਖੇਤੀ ਯੋਗ ਬਣਾਇਆ ਜਾਵੇਗਾ ਅਤੇ ਕਿਸਾਨਾਂ ਨੂੰ ਬੀਜ, ਖਾਦ, ਸੰਦ-ਸਾਮਾਨ ਅਤੇ ਹੋਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਜਿਸ ਲਈ ਤਰਨ ਤਾਰਨ, ਫ਼ਿਰੋਜ਼ਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਟਕਸਾਲ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਖੇਤਰਾਂ ਦਾ ਮੁਆਇਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜਿੱਥੇ ਵੀ ਖੇਤੀਬਾੜੀ ਜਾਂ ਪਰਿਵਾਰਕ ਜ਼ਰੂਰਤ ਮਹਿਸੂਸ ਹੋਵੇਗੀ, ਉੱਥੇ ਸੰਗਤਾਂ ਦੇ ਸਹਿਯੋਗ ਨਾਲ ਟਕਸਾਲ ਵੱਡੀ ਭੂਮਿਕਾ ਨਿਭਾਏਗੀ।
ਅੱਜ ਅਜਨਾਲਾ ਦੇ ਪਿੰਡ ਬਾਜਵਾ ਵਿਖੇ ਟਕਸਾਲ ਵੱਲੋਂ ਲਗਾਏ ਗਏ ਰਾਹਤ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਤੇ ਸਮਾਜਕ ਆਗੂਆਂ ਨੇ ਹਾਜ਼ਰੀ ਭਰੀ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ, ਐਸ.ਜੀ.ਪੀ.ਸੀ. ਮੈਂਬਰ ਜੋਧ ਸਿੰਘ ਸਮਰਾ ਸਮੇਤ ਕਈ ਹੋਰ ਆਗੂਆਂ ਨੇ ਹਾਜ਼ਰੀ ਭਰੀ। ਮੁਸਲਮਾਨ ਭਾਈਚਾਰੇ ਦੇ ਨੌਜਵਾਨਾਂ ਨੇ ਵੀ ਭਾਰੀ ਗਿਣਤੀ ’ਚ ਸ਼ਮੂਲੀਅਤ ਕਰਕੇ ਟਕਸਾਲ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਸੇਵਾ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਸਿੰਘ ਸਾਹਿਬ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ ਨੇ ਕਿਹਾ ਕਿ ’’ਸੰਸਾਰ ਵਿੱਚ ਮਨੁੱਖਤਾ ਦੀ ਨਿਰਸਵਾਰਥ ਸੇਵਾ ਤੋਂ ਵੱਡਾ ਕੋਈ ਸ਼ੁਭ ਕਰਮ ਨਹੀਂ। ਸੇਵਾ ਤੋਂ ਬਿਨਾਂ ਚੰਗੇ ਤੇ ਸਫਲ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।” ਉਹਨਾਂ ਨੇ ਰਾਹਤ ਕੈਂਪ ਚਲਾਉਣ ਵਾਲੀਆਂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਪੰਜਾਬੀ ਭਾਈਚਾਰੇ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ।
ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਹੜ੍ਹਾਂ ਕਾਰਨ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੋਇਆ ਹੈ। ਟਕਸਾਲ ਵੱਲੋਂ ਪੀੜਤ ਲੋਕਾਂ ਲਈ ਭੋਜਨ, ਪਸ਼ੂਆਂ ਲਈ ਚਾਰਾ ਅਤੇ ਮੈਡੀਕਲ ਸਹੂਲਤਾਂ ਦਾ ਕੀਤਾ ਪ੍ਰਬੰਧ ਕਾਬਿਲ-ਏ-ਤਾਰੀਫ਼ ਹੈ। ਮਹਾਂਪੁਰਸ਼ਾਂ ਦੇ ਦਿਸ਼ਾ-ਨਿਰਦੇਸ਼ ਹੇਠ ਰਾਹਤ ਕੈਂਪ ਵਿੱਚ ਰਾਤ-ਦਿਨ ਚੱਲ ਰਹੀਆਂ ਸੇਵਾਵਾਂ ਦਮਦਮੀ ਟਕਸਾਲ ਦੀ ਮਨੁੱਖਤਾ ਪ੍ਰਤੀ ਨਿਸ਼ਕਾਮ ਭਾਵਨਾ ਦਾ ਪ੍ਰਤੀਕ ਹਨ।
ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਯਕੀਨ ਦਵਾਇਆ ਕਿ ਫੈਡਰੇਸ਼ਨ ਦੇ ਨੌਜਵਾਨ ਟਕਸਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਜਾਰੀ ਰੱਖਣਗੇ।
ਟਕਸਾਲ ਦੇ ਆਗੂ ਭਾਈ ਸਾਹਿਬ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਚੱਲ ਰਿਹਾ ਇਹ ਕੈਂਪ ਆਮ ਹਾਲਾਤ ਬਣਨ ਤਕ ਨਿਰੰਤਰ ਜਾਰੀ ਰਹੇਗਾ। ਕੈਂਪ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ: ਦਵਾਈਆਂ ਅਤੇ ਫ਼ਰੀ ਮੈਡੀਕਲ ਸਹੂਲਤ (ਲੇਡੀਜ਼ ਡਾਕਟਰਾਂ ਸਮੇਤ), ਰਸਦਾਂ, ਮੰਜੇ-ਬਿਸਤਰੇ, 24 ਘੰਟੇ ਲੰਗਰ, ਪਸ਼ੂਆਂ ਲਈ ਚਾਰਾ, ਸੇਵਾਦਾਰਾਂ ਵੱਲੋਂ ਗਰਾਊਂਡ ਜ਼ੀਰੋ ‘ਤੇ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ।
ਟਕਸਾਲ ਵੱਲੋਂ ਅੰਤ ਵਿੱਚ ਅਪੀਲ ਕੀਤੀ ਗਈ ਕਿ ’’ਪੰਜਾਬ ਦੀ ਰੀੜ੍ਹ ਕਿਸਾਨ ਹੈ, ਇਸ ਲਈ ਸਮੂਹ ਸਿੱਖ ਸੰਗਤਾਂ ਅਤੇ ਪੰਜਾਬੀ ਭਰਾਵਾਂ ਨੂੰ ਅੱਗੇ ਆ ਕੇ ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਇਹੀ ਮਨੁੱਖਤਾ ਦੀ ਸੱਚੀ ਸੇਵਾ ਹੈ।’’
ਇਸ ਮੌਕੇ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਭਾਈ ਸੁਖਦੇਵ ਸਿੰਘ, ਗਿਆਨੀ ਸਾਹਿਬ ਸਿੰਘ, ਗਿਆਨੀ ਲਖਵਿੰਦਰ ਸਿੰਘ ਅਮਰੀਕਾ, ਗਿਆਨੀ ਅਮਰਪ੍ਰੀਤ ਸਿੰਘ ਅਮਰੀਕਾ, ਕੁਲਵਿੰਦਰ ਸਿੰਘ ਗੁੜ੍ਹਤੀ (ਹਰਿਆਣਾ), ਸੰਤ ਬਾਬਾ ਅਜੀਤ ਸਿੰਘ ਤਰਨਾ ਦਲ, ਭਾਈ ਪਰਮਿੰਦਰ ਸਿੰਘ, ਜਥੇਦਾਰ ਚਮਕੌਰ ਸਿੰਘ, ਜਥੇਦਾਰ ਤਰਲੋਚਨ ਸਿੰਘ, ਭਾਈ ਗੁਰਮੁਖ ਸਿੰਘ, ਅਵਤਾਰ ਸਿੰਘ ਬੁੱਟਰ, ਸਰਦਾਰ ਕਰਨਜੀਤ ਸਿੰਘ, ਅਮਰੀਕ ਸਿੰਘ, ਸਰਪੰਚ ਅਮਰੀਕ ਸਿੰਘ, ਜਸਪਾਲ ਸਿੰਘ, ਦਲਜੀਤ ਸਿੰਘ, ਹਰਨੇਕ ਸਿੰਘ, ਰਾਜਵਿੰਦਰ ਸਿੰਘ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਪ੍ਰਿੰਸੀਪਲ ਗੁਰਦੀਪ ਸਿੰਘ, ਭਾਈ ਹਰਸ਼ਦੀਪ ਸਿੰਘ ਸਮੇਤ ਕਈ ਮੁਹਤਬਰ ਸਿੰਘ ਵੀ ਮੌਜੂਦ ਸਨ।