ਮਹਿਲ ਕਲਾਂ : ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ 'ਚ ਲਗਾਤਾਰ ਬਾਰਸ਼ ਨਾਲ ਹੋਏ ਭਾਰੀ ਨੁਕਸਾਨ ਦੀ ਤਾਜ਼ਾ ਰਿਪੋਰਟ ਤਿਆਰ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਨੂੰ ਸੌਂਪੀ ਜਾਵੇਗੀ ਤਾਂ ਜੋ ਕੇਂਦਰ ਅਤੇ ਰਾਜ ਸਰਕਾਰ ਤੋਂ ਪੀੜਤ ਕਿਸਾਨਾਂ, ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਦਿਵਾਇਆ ਜਾ ਸਕੇ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਮੌੜ ਨੇ ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਮੀਂਹ ਨਾਲ ਢਹਿ ਗਏ ਘਰਾਂ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ, ਕਿ ਹੜ੍ਹਾਂ ਨਾਲ ਘਿਰੇ ਲੋਕਾਂ ਦੀ ਤੁਰੰਤ ਸਾਰ ਲਈ ਜਾਵੇ, ਪਰ ਹਕੀਕਤ ਵਿਚ ਰਾਜ ਤੇ ਕੇਂਦਰ ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ ਹਨ। ਉਨ੍ਹਾਂ
ਦੱਸਿਆ ਕਿ ਫ਼ਸਲਾਂ ਡੁੱਬ ਗਈਆਂ ਹਨ, ਕਿਸਾਨਾਂ, ਮਜ਼ਦੂਰਾਂ ਦੇ ਘਰ ਢਹਿ ਗਏ, ਕੀਮਤੀ ਪਸ਼ੂ ਮੌਤ ਦੇ ਮੂੰਹ ਚਲੇ ਗਏ। ਆਗੂ ਮੌੜ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਲੋਂ ਪੰਜਾਬ ਭਰ 'ਚ ਟੀਮਾਂ ਬਣਾ ਕੇ ਕਿਸਾਨਾਂ ਤੇ ਮਜ਼ਦੂਰਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਬਿਪਤਾ ਦੀ ਘੜੀ ਸਮੇਂ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਦੇ ਨਾਲ ਖੜ੍ਹ ਕੇ ਯੋਗ ਆਰਥਿਕ ਮਦਦ ਦੁਆਉਣੀ ਸਾਡੀ ਜ਼ਿੰਮੇਵਾਰੀ ਹੈ। ਇਸ ਮੌਕੇ ਆਗੂ ਮੌੜ ਨੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕੀਤੀ ਕਿ ਪ੍ਰਭਾਵਿਤ ਪਰਿਵਾਰਾਂ ਦੀ ਤੁਰੰਤ ਸਾਰ ਲੈ ਕੇ ਯੋਗ ਆਰਥਿਕ ਮਦਦ ਦਿੱਤੀ ਜਾਵੇ ਤਾਂ ਜੋ ਕੁੱਝ ਰਾਹਤ ਮਿਲ ਸਕੇ। ਇਸ ਮੌਕੇ ਜਗਰੂਪ ਸਿੰਘ ਰਾਏਸਰ, ਜੋਸ਼ੀ ਸਿੰਘ, ਕਰਮ ਸਿੰਘ, ਜਸਵਿੰਦਰ ਸਿੰਘ, ਸੇਵਕ ਸਿੰਘ, ਭੋਲਾ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਮਨਜੀਤ ਸਿੰਘ, ਲਾਭਕੌਰ, ਬਲਜੀਤ ਕੌਰ ਵੀ ਹਾਜ਼ਰ ਸਨ।