ਅੰਮ੍ਰਿਤਸਰ : ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕੈਨੇਡਾ ਦੇ ਵਿੱਤ ਵਿਭਾਗ ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ’ਤੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਹ ਰਿਪੋਰਟ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਸਹੀ ਸਾਬਤ ਕਰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਮਾਮਲਾ ਸਿਰਫ਼ ਭਾਰਤ ਦੀ ਚਿੰਤਾ ਨਹੀਂ ਰਿਹਾ, ਸਗੋਂ ਪੂਰੇ ਵਿਸ਼ਵ ਲਈ ਇੱਕ ਖੁੱਲ੍ਹੀ ਚੇਤਾਵਨੀ ਹੈ ਕਿ ਲੋਕਤੰਤਰ ਦੇ ਨਾਂ ’ਤੇ ਹਿੰਸਕ ਤੇ ਵੱਖਵਾਦੀ ਤੱਤਾਂ ਨੂੰ ਆਪਣੀ ਧਰਤੀ ’ਤੇ ਫੈਲਣ ਦੇਣਾ ਕਿੰਨਾ ਖ਼ਤਰਨਾਕ ਹੈ।
ਪ੍ਰੋ. ਖਿਆਲਾ ਨੇ ਕਿਹਾ ਕਿ ਕੈਨੇਡਾ ਦੀ 2025 ਦੀ “ਮਨੀ ਲਾਂਡਰਿੰਗ ਅਤੇ ਅਤਿਵਾਦੀ ਫੰਡਿੰਗ ਰਿਪੋਰਟ” ਵਿੱਚ ਕੁਝ ਲੋਕਾਂ ਦੀਆਂ ਸਾਜ਼ਿਸ਼ਾਂ ਕਾਰਨ ਸਿੱਖ ਨਾਵਾਂ ਵਾਲੇ ਵੱਖਵਾਦੀ ਜਥੇਬੰਦੀਆਂ ਦਾ ਕੈਨੇਡੀਅਨ ਕ੍ਰਿਮੀਨਲ ਕੋਡ ਦੇ ਤਹਿਤ ਹਮਾਸ ਅਤੇ ਹਿਜ਼ਬੁੱਲਾ ਵਰਗੇ ਬਦਨਾਮ ਅਤਿਵਾਦੀ ਗਰੁੱਪਾਂ ਦੀ ਸ਼੍ਰੇਣੀ ਵਿਚ ਅਤਿਵਾਦੀ ਸੰਗਠਨਾਂ ਵਜੋਂ ਨਾਮਜ਼ਦ ਹੋਣਾ ਅਮਨਪਸੰਦ ਪ੍ਰਵਾਸੀ ਸਿਖ ਭਾਈਚਾਰੇ ਲਈ ਨਮੋਸ਼ੀ ਦਾ ਸਬੱਬ ਬਣਨਾ ਅਫ਼ਸੋਸਨਾਕ ਹੈ।
ਪ੍ਰੋ. ਖਿਆਲਾ ਨੇ ਦੱਸਿਆ ਕਿ ਕੈਨੇਡਾ ਦੀ ਆਪਣੀ ਖ਼ੁਫ਼ੀਆ ਏਜੰਸੀ CSIS ਪਹਿਲਾਂ ਹੀ ਮੰਨ ਚੁੱਕੀ ਹੈ ਕਿ ਖਾਲਿਸਤਾਨੀ ਗਰੁੱਪ ਕੈਨੇਡਾ ਦੀ ਧਰਤੀ ਤੋਂ ਭਾਰਤ ਵਿਰੁੱਧ ਫੰਡਿੰਗ ਅਤੇ ਸਾਜ਼ਿਸ਼ਾਂ ਨੂੰ ਪੋਸ਼ ਰਹੇ ਹਨ। ਹੁਣ ਵਿੱਤੀ ਰਿਪੋਰਟ ਨੇ ਵੀ ਇਹ ਖ਼ੁਲਾਸਾ ਕਰਕੇ ਇਕ ਵਾਰ ਫਿਰ ਭਾਰਤ ਦੀਆਂ ਸਾਰੀਆਂ ਚਿਤਾਵਨੀਆਂ ਸਹੀ ਸਾਬਤ ਕਰ ਦਿੱਤੀਆਂ ਹਨ। ਰਿਪੋਰਟ ਦਾ ਇਹ ਖ਼ੁਲਾਸਾ ਕਿ ਹਿੰਸਾਵਾਦੀ ਗਰੁੱਪਾਂ ਦੁਆਰਾ ਗੈਰ-ਲਾਭਕਾਰੀ ਅਤੇ ਚੈਰੀਟੇਬਲ ਸੰਸਥਾਵਾਂ ਦੀ ਆੜ ਲੈ ਕੇ “ਰਾਜਨੀਤਿਕ ਪ੍ਰੇਰਿਤ ਹਿੰਸਕ ਵੱਖਵਾਦ” ਲਈ ਪੈਸਾ ਇਕੱਠਾ ਕਰਨਾ, ਪਰਵਾਸੀ ਭਾਈਚਾਰਿਆਂ ਤੋਂ ਦਾਨ ਲੈਣਾ ਅਤੇ ਕੈਨੇਡੀਅਨ ਵਿੱਤੀ ਪ੍ਰਣਾਲੀ ਦੀਆਂ ਕਮਜ਼ੋਰੀਆਂ ਦਾ ਨਾਜਾਇਜ਼ ਫ਼ਾਇਦਾ ਚੁੱਕਣਾ ਇਹ ਸਾਬਤ ਕਰਦਾ ਹੈ ਕਿ ਕੈਨੇਡਾ ਨਾ ਸਿਰਫ਼ ਆਪਣੀਆਂ ਜ਼ਿੰਮੇਵਾਰੀਆਂ ਵਿੱਚ ਨਾਕਾਮ ਹੋਇਆ ਹੈ, ਸਗੋਂ ਉਹਨਾਂ ਤਾਕਤਾਂ ਦਾ ਅੱਡਾ ਬਣ ਗਿਆ ਹੈ ਜੋ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਹ ਸਥਿਤੀ ਕੈਨੇਡਾ ਦੀ ਆਪਣੀ ਅੰਦਰੂਨੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਹੈ।