ਘੱਗਰ ਸਬੰਧੀ ਹਾਲਾਤ ਦਾ ਲਗਾਤਾਰ ਲਿਆ ਜਾ ਰਿਹਾ ਹੈ ਜਾਇਜ਼ਾ
ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਪਿੰਡਾਂ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਕੀਤਾ ਧੰਨਵਾਦ
ਖਨੌਰੀ : ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਮਕਰੌੜ ਸਾਹਿਬ ਪੁਲ ਅਤੇ ਮੂਨਕ ਵਿਖੇ ਟੋਹਾਣਾ ਪੁਲ 'ਤੇ ਘੱਗਰ ਦਰਿਆ ਦੇ ਖੇਤਰ ਵਾਲੇ ਪਿੰਡਾਂ ਚਾਦੂੰ, ਕੁੰਦਨੀ, ਸੁਰਜਨਭੈਣੀ, ਰਾਮਪੁਰ ਗੁਜਰਾਂ, ਫੂਲਦ, ਰਾਜਰਹੇੜੀ, ਡੂਡੀਆਂ ਸਮੇਤ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਮੌਜੂਦਾ ਹਾਲਾਤ ਦੌਰਾਨ ਪਿੰਡਾਂ ਦੇ ਲੋਕਾਂ ਵੱਲੋਂ ਘੱਗਰ ਦਰਿਆ ਦੇ ਕੰਢਿਆਂ ਦੀ ਮਜ਼ਬੂਤੀ ਲਈ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਸ਼੍ਰੀ ਗੋਇਲ ਨੇ ਕਿਸੇ ਵੀ ਕਿਸਮ ਦੇ ਹਾਲਾਤ ਦੇ ਟਾਕਰੇ ਲਈ ਹਰ ਲੋੜੀਂਦੀ ਚੀਜ਼ ਮੁਹੱਈਆ ਕੀਤੇ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਸਬੰਧੀ ਸੰਭਾਵੀ ਹੜ੍ਹਾਂ ਦੇ ਹਾਲਾਤ ਦੇ ਟਾਕਰੇ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕਿਸੇ ਵੀ ਕਿਸਮ ਦੀ ਕਸਰ ਨਹੀਂ ਛੱਡੀ ਜਾ ਰਹੀ। ਕੱਲ੍ਹ ਰਾਤ ਵੀ ਉਹ ਖੁਦ ਘੱਗਰ ਦਰਿਆ ਦੇ ਕੰਢਿਆਂ ਦਾ ਵੱਖ-ਵੱਖ ਥਾਂ 'ਤੇ ਜਾਇਜ਼ਾ ਲੈਂਦੇ ਰਹੇ ਹਨ। ਸੰਭਾਵੀ ਤੌਰ ਉੱਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਨਾਲ ਪਸ਼ੂਆਂ ਲਈ ਹਰੇ ਚਾਰੇ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਹੈ। ਲੋੜੀਂਦੀਆਂ ਕਿਸ਼ਤੀਆਂ ਅਤੇ ਗੋਤਾਖੋਰ ਵੀ ਤਿਆਰ ਬਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ 24 ਘੰਟੇ ਮੂਨਕ ਖੇਤਰ ਵਿੱਚ ਮੌਜੂਦ ਹਨ ਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖੋ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।