ਸੰਗਰੂਰ : ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਸੰਗਰੂਰ ਦੇ ਵੈਟਰਨਰੀ ਅਫ਼ਸਰਾਂ ਅਤੇ ਡਾਕਟਰਾਂ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਹਨਾਂ ਅੱਜ ਸਥਾਨਕ ਰੈਸਟ ਹਾਊਸ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਦਾ ਟਰੱਕ ਵੀ ਭੇਜਿਆ, ਜਿਸ ਨੂੰ ਹਰਪਾਲ ਸਿੰਘ ਚੀਮਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਸ੍ਰ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਅਤੇ ਪੰਜਾਬੀ ਲੋਕ ਬਹੁਤ ਹੀ ਕੁਦਰਤੀ ਮਾਰ ਦਾ ਸਾਹਮਣਾ ਕਰ ਰਹੇ ਹਨ। ਇਸ ਔਖੀ ਘੜੀ ਵਿੱਚ ਪੀੜ੍ਹਤ ਲੋਕਾਂ ਨਾਲ ਪੂਰਾ ਪੰਜਾਬ ਚੱਟਾਨ ਵਾਂਗ ਖੜ੍ਹਾ ਹੈ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਆਮ ਲੋਕਾਂ ਵੱਲੋਂ ਵੀ ਪੰਜਾਬ ਸਰਕਾਰ ਦੀ ਅਪੀਲ ਉੱਤੇ ਪੀੜ੍ਹਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਕੰਮ ਕਰਦੇ ਸਮੂਹ ਵੈਟਰਨਰੀ ਅਫ਼ਸਰਾਂ ਅਤੇ ਡਾਕਟਰਾਂ ਨੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ। ਉਹਨਾਂ ਕਿਹਾ ਕਿ ਸਮੂਹ ਵੈਟਰਨਰੀ ਅਫ਼ਸਰਾਂ ਅਤੇ ਡਾਕਟਰਾਂ ਨੇ ਇਕੱਠੇ ਹੋ ਕੇ ਹੜ੍ਹ ਦੌਰਾਨ ਅਤੇ ਹੜ੍ਹ ਉਪਰੰਤ ਲੋੜ੍ਹ ਪੈਣ ਵਾਲੀਆਂ ਦਵਾਈਆਂ, ਪਸ਼ੂਆਂ ਲਈ ਫੀਡ ਅਤੇ ਹੋਰ ਰਾਹਤ ਸਮੱਗਰੀ ਇਕੱਤਰ ਕਰਕੇ ਅੱਜ ਇਕ ਟਰੱਕ ਪ੍ਰਭਾਵਿਤ ਇਲਾਕਿਆਂ ਲਈ ਭੇਜਿਆ ਹੈ। ਇਸਦੇ ਨਾਲ ਹੀ ਸਮੂਹ ਵੈਟਰਨਰੀ ਅਫ਼ਸਰਾਂ ਅਤੇ ਡਾਕਟਰਾਂ ਨੇ ਫੈਸਲਾ ਕੀਤਾ ਹੈ ਕਿ ਉਹ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਨਿਰਸਵਾਰਥ ਸੇਵਾ ਕਰਨਗੇ। ਚੀਮਾ ਨੇ ਸਮੂਹ ਵੈਟਰਨਰੀ ਅਫ਼ਸਰਾਂ ਅਤੇ ਡਾਕਟਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸੀਬਤ ਦੀ ਘੜੀ ਵਿੱਚ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ।
ਇਸ ਮੌਕੇ ਵਿੱਤ ਮੰਤਰੀ ਦੇ ਓ ਐਸ ਡੀ ਐਡਵੋਕੇਟ ਸ੍ਰ ਤਪਿੰਦਰ ਸਿੰਘ ਸੋਹੀ, ਡਾ ਸੁਖਵਿੰਦਰ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸੰਗਰੂਰ, ਡਾ ਪਰਮਿੰਦਰ ਸਿੰਘ ਚੋਪੜਾ, ਡਾ ਜਸਕਰਨ ਸਿੰਘ ਐਸ ਵੀ ਓਂ ਧੂਰੀ, ਡਾ ਦੁਸਯੰਤ, ਬਲਜਿੰਦਰ ਸਿੰਘ ਚੰਗਾਲ, ਡਾਕਟਰ ਪਰਮਿੰਦਰਜੀਤ ਸਿੰਘ ਐਸਡੀਓ ਸੰਗਰੂਰ, ਡਾਕਟਰ ਕਿਰਨਜੀਤ ਸਿੰਘ, ਡਾਕਟਰ ਪ੍ਰਭਜੋਤ ਸਿੰਘ, ਡਾ ਟੀ ਪੀ ਸਿੰਘ ਧੂਰੀ, ਡਾ ਅਤਰੀ, ਡਾ ਸਿਮਰਜੋਤ, ਰਵਿੰਦਰ ਸਿੰਘ ਜੌਹਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।