ਕਿਸੇ ਵੀ ਸਿਹਤ ਐਮਰਜੈਂਸੀ ਲਈ ਸੂਬਾ ਨਿਵਾਸੀ 104 ਡਾਇਲ ਕਰਨ : ਸਿਹਤ ਮੰਤਰੀ
ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਜਾਂਚ ਦੇ ਨਿਰਦੇਸ਼
ਡਾ. ਬਲਬੀਰ ਸਿੰਘ ਵੱਲੋਂ ਸਾਰੇ ਵਿਭਾਗਾਂ ਨੂੰ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼
ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਤੇ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ, ਸੱਪ ਅਤੇ ਕੁੱਤੇ ਦੇ ਕੱਟਣ ਨੂੰ ਰੋਕਣ ਲਈ ਰਾਜ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ।ਇਸ ਮੌਕੇ ਉਨ੍ਹਾਂ ਨੇ ਪਟਿਆਲਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਉਣ ਦੇ ਵੀ ਨਿਰਦੇਸ਼ ਦਿੱਤੇ। ਡਾ. ਬਲਬੀਰ ਸਿੰਘ ਨੇ ਅੱਜ ਇੱਥੇ ਨਗਰ ਨਿਗਮ ਦਫ਼ਤਰ ਵਿਖੇ ਇੱਕ ਜ਼ਰੂਰੀ ਸਮੀਖਿਆ ਮੀਟਿੰਗ ਬੁਲਾਈ, ਜਿਸ ਵਿੱਚ ਮੇਅਰ ਕੁੰਦਨ ਗੋਗੀਆ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ, ਡਿਪਟੀ ਮੇਅਰ ਜਗਦੀਪ ਜੱਗਾ, ਨਗਰ ਕਮਿਸ਼ਨਰ ਪਰਮਵੀਰ ਸਿੰਘ, ਏਡੀਸੀ ਸਿਮਰਪ੍ਰੀਤ ਕੌਰ ਅਤੇ ਨਵਰੀਤ ਕੌਰ ਸੇਖੋਂ, ਐਸਡੀਐਮਜ਼ ਇਸਮਤ ਵਿਜੇ ਸਿੰਘ ਤੇ ਰਿਚਾ ਗੋਇਲ, ਸਿਵਲ ਸਰਜਨ ਡਾ. ਜਗਪਾਲਿੰਦਰ ਸਿੰਘ, ਨਗਰ ਕੌਂਸਲਰ ਅਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਸਿਹਤ ਮੰਤਰੀ ਨੇ ਪੰਜਾਬ ਭਰ ਦੇ ਵਸਨੀਕਾਂ ਨੂੰ ਤੇਜ਼ ਬੁਖਾਰ, ਦਿਲ ਦਾ ਦੌਰਾ, ਤੇਜ਼ ਦਸਤ, ਜਾਂ ਸੱਪ ਅਤੇ ਕੁੱਤੇ ਦੇ ਕੱਟਣ ਵਰਗੀ ਕਿਸੇ ਵੀ ਸਿਹਤ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ 104 ਡਾਇਲ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਲਾਭ ਉਠਾਇਆ ਜਾ ਸਕੇ ਅਤੇ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਹੜ੍ਹ ਤੋਂ ਬਾਅਦ ਦੇ ਉਪਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ, "ਸਾਡਾ ਮੁੱਖ ਧਿਆਨ ਹੁਣ ਬਚਾਅ, ਰਾਹਤ, ਮੈਡੀਕਲ ਸਹਾਇਤਾ, ਰਾਸ਼ਨ ਅਤੇ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ 'ਤੇ ਹੈ।" ਪੰਜਾਬ ਵਿੱਚ ਹੜ੍ਹਾਂ ਦੌਰਾਨ ਪੰਜਾਬੀਆਂ ਦੇ ਸੇਵਾ ਦੇ ਜਜਬੇ ਨੂੰ ਉਜਾਗਰ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ, “ਸਾਡੇ ਗੁਰੂਆਂ ਨੇ ਸਾਨੂੰ ਚੜ੍ਹਦੀਕਲਾ ਦੀ ਭਾਵਨਾ ਦਿੱਤੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ, ਆਪਣੇ ਲੋਕਾਂ ਦੇ ਸਹਿਯੋਗ ਨਾਲ, ਇਸ ਮੁਸ਼ਕਲ ਸਮੇਂ ਨੂੰ ਪਾਰ ਕਰੇਗੀ ਅਤੇ ਸਰਕਾਰ ਦੀ ਤੁਰੰਤ ਤਰਜੀਹ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਹੈ ਜਦੋਂ ਕਿ ਬਚਾਅ ਅਤੇ ਰਾਹਤ ਕਾਰਜ ਵੀ ਜੰਗੀ ਪੱਧਰ 'ਤੇ ਜਾਰੀ ਰੱਖਣੇ ਹਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦਾ ਨਿੱਜੀ ਤੌਰ 'ਤੇ ਦੌਰਾ ਕਰਨਗੇ, ਅਤੇ ਇਹ ਮੁਹਿੰਮ ਅੱਜ ਪਟਿਆਲਾ ਤੋਂ ਸ਼ੁਰੂ ਹੋ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਚਾਰੀ ਬਿਮਾਰੀਆਂ ਵਿਰੁੱਧ ਸੂਬੇ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਵਾਰਡ ਅਤੇ ਪਿੰਡ ਸਿਹਤ ਕਮੇਟੀਆਂ ਨੂੰ ਮੁੜ ਸਰਗਰਮ ਕੀਤਾ ਜਾਵੇਗਾ।