ਮਹਿਲ ਕਲਾਂ : ਲਗਾਤਾਰ ਬਾਰਿਸ਼ ਆਉਣ ਕਰਕੇ ਹਰੀਆਂ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹਨ ਨਾਲ ਆਮ ਲੋਕਾਂ ਦੀ ਰਸੋਈ ਦਾ ਬਜਟ ਡਗਮਗਾ ਚੁੱਕਾ ਹੈ, ਇਸ ਮਹੀਨੇ ਵਿਚ ਵੱਧ ਮੀਂਹ ਪੈਣ ਨਾਲ ਹਰੀਆਂ ਸਬਜ਼ੀਆਂ ਜਿੰਨ੍ਹਾਂ ਵਿਚ ਸ਼ਿਮਲਾ ਮਿਰਚ 100 ਰੁਪਏ ਕਿੱਲੋ, ਭਿੰਡੀ 70 ਰੁਪਏ ਕਿੱਲੋ, ਹਰਾ ਧਨੀਆਂ 400 ਰੁਪਏ ਕਿੱਲੋ, ਟਮਾਟਰ 120 ਰੁਪਏ ਕਿੱਲੋ ਤੱਕ ਮਹਿੰਗੇ ਭਾਅ ਵਿਚ ਵਿਕ ਰਹੇ ਹਨ। ਦੂਸਰੇ ਪਾਸੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੱਦੂ ਮਾਰਕੀਟ 'ਚ 70 ਤੋਂ 80 ਰੁਪਏ ਕਿੱਲੋ ਤੱਕ ਪੁੱਜ ਚੁੱਕਾ ਹੈ। ਸਬਜ਼ੀਆਂ ਵਿਚ ਭਾਅ ਪੱਖੋਂ ਸਭ ਤੋਂ ਨਰਮ ਰਹਿਣ ਵਾਲਾ ਕੱਦੂ ਵੀ ਸਬਜ਼ੀਆਂ ਦਾ ਬਾਦਸ਼ਾਹ ਹੀ ਬਣਨ ਲਈ ਤਿਆਰ ਹੈ। ਫੁੱਲ ਗੋਭੀ 150, ਸੂਬੇ ਭਰ ਵਿਚ ਪਏ ਵੱਧ ਮੀਂਹ ਨਾਲ ਸਬਜ਼ੀ ਕਾਸ਼ਤਕਾਰ ਦਾ ਭਾਰੀ ਨੁਕਸਾਨ ਹੋ ਗਿਆ। ਸਬਜ਼ੀਆਂ ਦੇ ਖੇਤਾਂ ਵਿਚ ਵਧੇਰੇ ਪਾਣੀ ਭਰਨ ਨਾਲ ਸਬਜ਼ੀਆਂ ਦੀ ਪੈਦਾਵਾਰ ਰੁਕ ਜਾਣ ਨਾਲ ਹਰੀਆਂ ਸਬਜ਼ੀਆਂ ਦੇ ਭਾਅ ਹੋਰ ਵੱਧ ਜਾਣਗੇ। ਸਬਜ਼ੀ ਮਾਰਕੀਟ ਵਿਚ ਇਸ ਸਾਲ ਆਲੂ ਤੇ ਗੰਡੇ ਦੇ ਭਾਅ ਸਥਿਰ ਬਣੇ ਰਹਿਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਹਰੀਆਂ ਸਬਜ਼ੀਆਂ ਵਿਚ ਗੁਆਰੇ ਦੀਆਂ ਫਲੀਆਂ
125 ਰੁਪਏ ਕਿੱਲੋ, ਬੈਂਗਣੀ 70 ਰੁਪਏ ਕਿਲੋ, ਅਰਬੀ 80 ਰੁਪਏ ਕਿਲੋ ਕੀਮਤ ਸਾਹਮਣੇ ਆਈ ਹੈ। ਸਾਉਣੀ ਦੇ ਸੀਜ਼ਨ 'ਚ ਸਭ ਤੋਂ ਵੱਧ ਘਰ ਦੀ ਰਸੋਈ ਵਿਚ ਪੱਕਣ ਵਾਲੀਆਂ ਸਬਜ਼ੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜੇ ਹੋਏ ਹਨ, ਕੱਦੂ, ਤੋਰੀ 70 ਰੁਪਏ ਕਿੱਲੋ, ਦੇਸੀ ਟਿੰਡਾਂ 130 ਰੁਪਏ ਕਿੱਲੋ, ਚੱਪਣ ਕੱਦੂ 70 ਰੁਪਏ, ਖੱਖੜੀ 40 ਰੁਪਏ ਕਿੱਲੋ ਤੱਕ ਰੀਟੇਲ ਮਾਰਕੀਟ ਵਿਚ ਹੈ। ਗੰਡੇ ਅਤੇ ਆਲੂ ਦਾ ਰੀਟੇਲ ਸਬਜ਼ੀ ਮਾਰਕੀਟ ਵਿਚ 20 ਤੋਂ 30 ਰੁਪਏ ਪ੍ਰਤੀ ਕਿੱਲੋ ਤੱਕ ਚੱਲ ਰਹੇ ਹਨ।