ਪਟਿਆਲਾ : ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 24 ਘੰਟੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੰਮ ਕਰ ਰਿਹਾ ਹੈ। ਪ੍ਰਭਾਵਿਤ ਪਿੰਡਾਂ ਵਿੱਚ ਮੋਬਾਈਲ ਹੈਲਥ ਯੂਨਿਟ ਅਤੇ ਮੈਡੀਕਲ ਕੈਂਪ ਲਗਾਏ ਗਏ ਹਨ ਅਤੇ ਸਾਰੀਆਂ ਲਾਜ਼ਮੀ ਦਵਾਈਆਂ ਉਪਲਬਧ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਉਹ 104 ਨੰਬਰ ‘ਤੇ ਸੰਪਰਕ ਕਰ ਸਕਦੇ ਹਨ।
ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਵਿਭਾਗ ਨੇ ਰਾਜਪੁਰਾ ਨੇੜਲੇ ਘਨੌਰ ਖੇਤਰ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਮੋਬਾਈਲ ਹੈਲਥ ਯੂਨਿਟਾਂ ਰਾਹੀਂ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੈਡੀਕਲ ਟੀਮਾਂ ਜੰਡੀ ਮੰਗੌਲੀ ਅਤੇ ਊਟਸਰ ਪਿੰਡਾਂ ਵਿੱਚ ਗਈਆਂ, ਜਿੱਥੇ ਕੁੱਲ 233 ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਇਨ੍ਹਾਂ ਵਿੱਚੋਂ 145 ਮਰੀਜ਼ ਜੰਡੀ ਮੰਗੌਲੀ ਅਤੇ 88 ਮਰੀਜ਼ ਊਟਸਰ ਵਿੱਚ ਚੈੱਕ ਕੀਤੇ ਗਏ। ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਲਾਜ਼ਮੀ ਦਵਾਈਆਂ ਵੀ ਦਿੱਤੀਆਂ ਗਈਆਂ ਤਾਂ ਜੋ ਉਹ ਸਿਹਤਯਾਬ ਹੋ ਸਕਣ ਅਤੇ ਪਾਣੀ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਅੱਜ ਮੋਬਾਈਲ ਹੈਲਥ ਯੂਨਿਟਾਂ ਲਾਛੜੂ ਅਤੇ ਚਮਾਰੂ ਪਿੰਡਾਂ ਵਿੱਚ ਸੇਵਾਵਾਂ ਦੇ ਰਹੀਆਂ ਹਨ। ਸਿਵਲ ਸਰਜਨ ਨੇ ਦੁਹਰਾਇਆ ਕਿ ਸਿਹਤ ਵਿਭਾਗ ਹਰ ਪ੍ਰਭਾਵਿਤ ਪਿੰਡ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।