ਸੰਗਰੂਰ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਸੰਗਰੂਰ ਦੀ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਟੀਮ ਵਿੱਚ ਡਾ ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪਲਾਂਟ ਪ੍ਰੋਟੈਕਸ਼ਨ), ਡਾ ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਅਤੇ ਡਾ ਰਵਿੰਦਰ ਕੌਰ, ਸਹਾਇਕ ਪ੍ਰੋਫੈਸਰ (ਬਾਗਬਾਨੀ) ਸ਼ਾਮਲ ਸਨ। ਟੀਮ ਵੱਲੋਂ ਕੀਤੇ ਲਹਿਰਾਗਾਗਾ ਬਲਾਕ ਦੇ ਪਿੰਡਾਂ ਹਰਿਆਊ, ਡਸਕਾ, ਸੰਗਤਪੁਰਾ ਅਤੇ ਫ਼ਤਹਿਗੜ੍ਹ ਦੇ ਦੌਰੇ ਦੌਰਾਨ ਵੇਖਿਆ ਕਿ ਲਗਾਤਾਰ ਕਈ ਦਿਨ ਮੀਂਹ ਪੈਣ ਕਾਰਣ ਪ੍ਰਭਾਵਿਤ ਖੇਤਾਂ ਵਿੱਚ ਪਾਣੀ ਖੜ੍ਹਾ ਹੋਇਆ ਹੈ। ਹਾਲਾਂਕਿ, ਕੁਦਰਤੀ ਢਲਾਨ ਕਾਰਣ ਬਹੁਤ ਸਾਰੇ ਖੇਤਰਾਂ ਵਿੱਚ ਪਾਣੀ ਹੌਲੀ-ਹੌਲੀ ਨੀਵੀਆਂ ਡ੍ਰੇਨਾਂ ਵੱਲ ਨਿਕਲ ਵੀ ਰਿਹਾ ਹੈ।ਟੀਮ ਦੇ ਦੇਖਿਆ ਕਿ ਕੁਝ ਖੇਤਾਂ ਵਿੱਚ ਸੜਕਾਂ ਜਾਂ ਬੰਨ੍ਹ ਨਾਲ ਪਾਣੀ ਦੇ ਕੁਦਰਤੀ ਰਸਤੇ ਰੁਕਣ ਕਰਕੇ ਲਗਾਤਾਰ ਪਾਣੀ ਖੜ੍ਹਾ ਹੋਇਆ ਹੈ। ਜਿਸ ਕਾਰਨ ਝੋਨੇ ਅਤੇ ਬਾਸਮਤੀ ਦੀ ਫਸਲ ਜੜਾਂ ਤੋਂ ਸੜਣ ਲੱਗੀ ਹੈ। ਇਸ ਤੋਂ ਇਲਾਵਾ, ਕੁਝ ਖੇਤਾਂ ਵਿੱਚ ਤਣੇ ਦਾ ਗਲਣਾ, ਤਣੇ ਦੁਆਲੇ ਪੱਤੇ ਦਾ ਝੁਲਸ ਰੋਗ, ਪੱਤਿਆਂ ਦਾ ਝੁਲਸ ਰੋਗ ਅਤੇ ਭੂਰੇ ਧੱਬਿਆਂ ਦਾ ਰੋਗ ਵਰਗੀਆਂ ਬਿਮਾਰੀਆਂ ਦਾ ਹਮਲਾ ਵੀ ਦਰਜ਼ ਕੀਤਾ ਗਿਆ ਹੈ। ਨਰਮੇ ਉੱਤੇ ਵੀ ਪੱਤਿਆਂ ਦੇ ਧੱਬਿਆਂ ਦਾ ਰੋਗ ਦੇਖਿਆ ਗਿਆ ਹੈ । ਜਿਸ ਸਬੰਧੀ ਕਿਸਾਨਾਂ ਨੂੰ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਅਨੁਸਾਰ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਰੂਰੀ ਸਲਾਹ ਦਿੱਤੀ ਗਈ।
ਟੀਮ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜਦੋਂ ਵੀ ਮੀਂਹ ਰੁਕੇ, ਖੇਤਾਂ ਤੋਂ ਜਲਦੀ ਤੋਂ ਜਲਦੀ ਪਾਣੀ ਬਾਹਰ ਕੱਢਿਆ ਜਾਵੇ, ਤਾਂ ਜੋ ਫਸਲ ਨੂੰ ਹੋਰ ਨੁਕਸਾਨ ਤੋਂ ਬਚਾਇਆ ਜਾ ਸਕੇ। ਡਾ ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਨੇ ਕਿਹਾ ਕਿ ਵੱਖ-ਵੱਖ ਫਸਲਾਂ ਸਬੰਧੀ ਤਕਨੀਕੀ ਸਲਾਹ-ਮਸ਼ਵਰੇ ਸਬੰਧੀ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇਗਾ।