ਸੰਗਰੂਰ : ਲਗਾਤਾਰ ਮੀਂਹ੍ਹ ਦੇ ਮੌਸਮ ਤੋਂ ਬਾਅਦ ਅੱਜ ਧੁੱਪ ਦੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਲੋਂਗੌਵਾਲ ਵਿਖੇ ਝੋਨੇ ਦੀ ਪਰਾਲੀ ਨੂੰ ਬਗੈਰ ਅੱਗ ਲਗਾਏ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿੱਚ ਪਿੰਡ ਦੇ ਅਗਾਂਹਵਧੂ 50 ਤੋਂ ਵੱਧ ਕਿਸਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ। ਕਿਸਾਨਾਂ ਨੂੰ ਹਾੜ੍ਹੀ ਵਿੱਚ ਬੀਜੀਆਂ ਜਾਣ ਵਾਲੀਆਂ ਕਣਕ ਦੀਆਂ ਨਵੀਆਂ ਸਿਫਾਰਿਸ਼ ਕਿਸਮਾਂ (ਪੀ ਬੀ ਡਬਲਯੂ 872) ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਕੈਂਪ ਦੌਰਾਨ ਉੱਠੇ ਕਈ ਸਵਾਲ, ਜਿਸ ਵਿੱਚ ਨੈਨੋ-ਯੂਰੀਆ, ਮਿੱਟੀ ਅਤੇ ਪਾਣੀ ਦਾ ਨਮੂਨਾ ਕਿਵੇਂ ਲੈਣਾ ਹੈ, ਜੈਵਿਕ ਖੇਤੀ ਵਿੱਚ ਖਾਦ ਪ੍ਰਬੰਧ, ਕਣਕ ਦੀਆਂ ਨਵੀਆਂ ਕਿਸਮਾਂ ਦੇ ਬੀਜ, ਜੈਵਿਕ ਮਾਦਾ ਵਧਾਉਣ ਦੇ ਤਰੀਕੇ, ਚੂਹਿਆਂ ਦੀ ਰੋਕਥਾਮ ਆਦਿ ਦੇ ਪ੍ਰਭਾਵਸ਼ਾਲੀ ਢੰਗ ਨਾਲ ਉੱਤਰ ਦਿੱਤੇ ਗਏ। ਘਰੇਲੂ ਬਗੀਚੀ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਸਰਦੀ ਰੁੱਤ ਦੀਆਂ ਸਬਜ਼ੀ ਦੀਆਂ ਕਿੱਟਾਂ ਬਾਰੇ ਚਾਨਣਾ ਪਾਇਆ ਅਤੇ ਸੇਲ ਵਾਸਤੇ ਵੀ ਉਪਲਬਧ ਕਰਵਾਇਆ ਗਿਆ।ਇਸ ਮੌਕੇ ਪੀ.ਏ.ਯੂ ਸਾਹਿਤ ਦੀ ਪ੍ਰਦਰਸ਼ਨੀ ਅਤੇ ਸੇਲ ਵੀ ਕੀਤੀ ਗਈ।ਇਸ ਦੇ ਨਾਲ ਹੀ ਪੀਏਯੂ ਲੁਧਿਆਣਾ ਵਲੋਂ ਹਾੜ੍ਹੀ ਰੁੱਤ ਲਈ ਲਗਾਏ ਜਾ ਰਹੇ ਕਿਸਾਨ ਮੇਲਿਆਂ ਦਾ ਪ੍ਰਚਾਰ ਵੀ ਕੀਤਾ।ਇਸ ਮੌਕੇ ਤੇ ਅਗਾਂਹਵਧੂ ਕਿਸਾਨ ਸ. ਕਮਲਜੀਤ ਸਿੰਘ ਜਿਨ੍ਹਾਂ ਨੇ ਕੈਂਪ ਲਗਾਉਣ ਵਿੱਚ ਪੂਰੀ ਸਹਿਯੁਗ ਦਿੱਤਾ ਅਤੇ ਨਾਲ ਹੀ ਸ. ਜਗਰਾਜ ਸਿੰਘ, ਸਰਪੰਚ (ਬਟੂਹਾ ਖੁਰਦ), ਸ. ਭੀਮ ਦਾਸ ਸਰਪੰਚ, ਸ. ਨਿਹਾਲ ਸਿੰਘ, ਸਰਪੰਚ (ਵੜਿਆਣੀ), ਸ. ਕੇਸਰ ਸਿੰਘ, ਸ. ਜੁਝਾਰ ਸਿੰਘ ਵੀ ਕੈਂਪ ਵਿੱਚ ਮੌਜੂਦ ਰਹੇ।