ਪਟਿਆਲਾ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਬਲਾਕ ਖੇਤੀਬਾੜੀ ਅਫ਼ਸਰਾਂ ਵੱਲੋਂ ਪਿੰਡ ਪੱਧਰ ਕੈਂਪਾਂ ਰਾਹੀਂ ਸਾਉਣੀ ਦੀਆਂ ਫ਼ਸਲਾਂ ਅਤੇ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਝੋਨੇ ਦੀ ਕਟਾਈ ਸੁਪਰ ਐਸ.ਐਮ.ਐਸ. ਮਸ਼ੀਨ ਨਾਲ ਕਰਨ ਲਈ, ਬੇਲਰ ਨਾਲ ਗੰਢਾਂ ਬਣਾਉਣ ਲਈ, ਪਰਾਲੀ ਨੂੰ ਖੇਤਾਂ ਵਿਚ ਮਿਲਾਉਣ ਬਾਰੇ ਅਤੇ ਝੋਨੇ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਵਿਚਕਾਰ ਕਰਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਹਨਾਂ ਕੈਂਪਾਂ ਵਿਚ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਏ.ਡੀ.ਓ, ਏ.ਈ.ਓ, ਏ.ਐਸ.ਆਈ., ਬੀ.ਟੀ.ਐਮ ਅਤੇ ਏ.ਟੀ.ਐਮ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਉਪਰ ਹਲਦੀ ਰੋਗ, ਬਲਾਸਟ, ਸੀਥਬਲਾਇਟ, ਪੱਤਾ ਲਪੇਟ ਸੁੰਡੀ, ਤਣੇ ਦੀ ਸੁੰਡੀ ਅਤੇ ਤੇਲੇ ਦੇ ਹਮਲੇ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਾਰਿਸ਼ ਸ਼ੁੱਧਾ ਦਵਾਈਆਂ ਦੀ ਸਮੇਂ ਸਿਰ ਅਤੇ ਸਹੀ ਵਰਤੋਂ ਕਰਨ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰ ਰਹੇ ਹਨ।
ਖੇਤੀਬਾੜੀ ਵਿਭਾਗ ਦੀ ਟੀਮ ਕਿਸਾਨਾਂ ਨੂੰ ਖੇਤੀਬਾੜੀ ਮਸ਼ੀਨਰੀ ਉੱਪਰ ਮਿਲਣ ਵਾਲੀ ਸਬਸਿਡੀ, ਵੈਰੀਫਿਕੇਸ਼ਨ ਅਤੇ ਮਸ਼ੀਨਰੀ ਦੇ ਰੱਖ ਰਖਾਵ ਸਬੰਧੀ ਜਾਣਕਾਰੀ ਸਾਂਝੀ ਕਰ ਰਹੀ ਹੈ। ਬਲਾਕ ਪਟਿਆਲਾ ਵੱਲੋਂ ਪਿੰਡ ਕਾਲਵਾ, ਫਰੀਦਪੁਰ, ਕੌਲੀ, ਜਾਫਰਨਗਰ, ਬੋਹੜਪੁਰ, ਜਨਹੇੜੀਆਂ, ਧਰੇੜੀ ਜੱਟਾਂ, ਦੌਣ ਖੁਰਦ, ਰਣਬੀਰਪੁਰਾ, ਦਦਹੇੜਾ, ਭਟੇੜੀ ਕਲਾਂ, ਰਸੂਲਪੁਰ ਜ਼ੌੜਾ, ਬਲਾਕ ਨਾਭਾ ਵੱਲੋਂ ਪਿੰਡ ਸੂਰਜਪੁਰ, ਘਮਰੌਂਦਾ, ਦਰਗਾਪੁਰ, ਮੰਡੌਰ, ਕੁਲਾਰਾਂ, ਸਹੌਲੀ, ਰੋਟੀ ਮੌੜਾਂ, ਸਿੱਧੂਵਾਲ, ਟੌਡਰਵਾਲ, ਮੱਲੇਵਾਲ, ਮੰਗੇਵਾਲ, ਡਕੌਂਦਾ, ਕਲੱਰਭੈਣੀ, ਕਿਸ਼ਨਗੜ੍ਹ, ਬਲਾਕ ਭੂਨਰਹੇੜੀ ਵੱਲੋਂ ਜਲਾਲਾਬਾਦ, ਰਾਮਗੜ੍ਹ, ਮੀਰਾਂਪੁਰ, ਮਵੀਂਸੱਪਾਂ, ਅਕਬਪੁਰ ਅਤੇ ਅਫਗਾਨਾ, ਬਲਾਕ ਸਮਾਣਾ ਵੱਲੋਂ ਬਕਰਾਹਾਂ, ਦਫਤਰੀਵਾਲਾ ਅਤੇ ਬਲਾਕ ਘਨੌਰ ਵੱਲੋਂ ਬਖਸ਼ੀਵਾਲਾ ਵਿਖੇ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਗਏ। ਇਹਨਾਂ ਕੈਂਪਾਂ ਵਿਚ ਪਿੰਡ ਦੇ ਸਰਪੰਚ ਸਾਹਿਬਾਨ, ਨੰਬਰਦਾਰ ਅਤੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।