ਪਟਿਆਲਾ : ਪਟਿਆਲਾ ਦੇ ਐਸ.ਡੀ.ਐਮ. ਹਰਜੋਤ ਕੌਰ ਮਾਵੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸਬ ਡਵੀਜਨ ਦੇ ਪਿੰਡ ਧਰਮਹੇੜੀ ਨੇੜੇ ਘੱਗਰ ਦਾ ਪਾਣੀ ਸ਼ਾਂਤ ਵਹਿ ਰਿਹਾ ਹੈ ਅਤੇ ਕਿਸੇ ਵੀ ਜਗ੍ਹਾ ਕੋਈ ਪਾੜ ਨਹੀਂ ਪਿਆ ਨਹੀ ਹੀ ਪਾਣੀ ਨਦੀ ਦੇ ਉਪਰੋਂ ਵਗਿਆ ਹੈ। ਅੱਜ ਪਿੰਡ ਧਰਮਹੇੜੀ ਦਾ ਦੌਰਾ ਕਰਦਿਆਂ ਹਰਜੋਤ ਕੌਰ ਮਾਵੀ ਨੇ ਦੱਸਿਆ ਕਿ 1 ਸਤੰਬਰ ਨੂੰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਸਮਾਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਸਮੇਤ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੀ ਇਸ ਇਲਾਕੇ ਦਾ ਦੌਰਾ ਕਰਕੇ ਜਾਇਜ਼ਾ ਲੈਕੇ ਗਏ ਹਨ ਤੇ ਡਰੇਨੇਜ ਵਿਭਾਗ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਐਸ.ਡੀ.ਐਮ. ਨੇ ਅੱਗੇ ਦੱਸਿਆ ਕਿ ਧਰਮਹੇੜੀ ਪਿੰਡ ਦੀ ਮਨਰੇਗਾ ਲੇਬਰ ਲਗਾ ਕੇ ਮੀਰਾਪੁਰ ਚੋਆ ਦੀ ਸਫਾਈ ਕਰਵਾਈ ਗਈ ਹੈ ਅਤੇ ਵਿਭਾਗ ਵੱਲੋਂ ਪੋਕਲੀਨ ਮਸ਼ੀਨ ਲਗਵਾ ਕੇ ਵੀ ਸਫਾਈ ਕਰਵਾਈ ਗਈ ਹੈ।ਇਸ ਤੋਂ ਬਿਨ੍ਹਾਂ ਹੜ੍ਹ ਰੋਕੂ ਕਾਰਜਾਂ ਤਹਿਤ ਬੀਡੀਪੀਓ ਪਟਿਆਲਾ ਸੁਖਵਿੰਦਰ ਸਿੰਘ ਟਿਵਾਣਾ ਰਾਹੀ ਡ੍ਰੇਨੇਜ ਵਿਭਾਗ ਵੱਲੋਂ 2000 ਸੈਂਡ ਬੈਗ ਵੀ ਮੁਹਈਆ ਕਰਵਾਏ ਗਏ ਹਨ। ਐਸ.ਡੀ.ਐਮ ਨੇ ਅੱਗੇ ਦੱਸਿਆ ਕਿ ਇਸ ਜਗ੍ਹਾ ਨੇੜੇ ਗੁਰਦੁਆਰ ਨਵਾਂ ਗਾਉਂ ਅਤੇ ਲੜਕੀਆਂ ਦੇ ਕਾਲਜ ਕਰਹਾਲੀ ਸਾਹਿਬ ਵਿਖੇ ਦੋ ਰਾਹਤ ਕੇਂਦਰ ਵੀ ਬਣਾਂਏ ਗਏ ਹਨ ਤਾਂ ਕਿ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਲੋਕਾਂ ਨੂੰ ਬਚਾਅ ਕੇ ਇੱਥੇ ਰੱਖਿਆ ਜਾਵੇ ਜਦਕਿ ਮੋਟਰ ਕਿਸ਼ਤੀ ਵੀ ਤਿਆਰ ਰੱਖੀ ਗਈ ਹੈ ਅਤੇ ਪੂਰੇ ਬਚਾਅ ਪ੍ਰਬੰਧ ਮੁਕੰਮਲ ਹਨ।