ਡੇਰਾਬੱਸੀ : ਇੱਕ ਪਾਸੇ ਜਿੱਥੇ ਹੜ੍ਹਾਂ ਨੇ ਫਸਲਾਂ ਦੇ ਮਾਮਲੇ ਵਿਚ ਪੂਰੀ ਤਬਾਹੀ ਮਚਾਈ ਹੋਈ ਹੈ ,ਉੱਥੇ ਹੀ ਭਾਰੀ ਮੀਂਹ ਦੇ ਚੱਲਦਿਆਂ ਖੇਤੀਬਾੜੀ ਦੇ ਸਹਾਇਕ ਧੰਦਿਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ । ਇਸ ਤਰ੍ਹਾਂ ਦਾ ਇੱਕ ਮਾਮਲਾ ਡੇਰਾਬੱਸੀ ਨੇੜਲੇ ਪਿੰਡ ਬੀਜਣਪੁਰ ਤੋਂ ਸਾਹਮਣੇ ਆਇਆ ਹੈ ,ਜਿੱਥੇ ਭਾਰੀ ਮੀਂਹ ਦੇ ਚੱਲਦਿਆਂ ਇੱਕ ਮੱਛੀ ਪਾਲਣ ਵਾਲਾ ਤਲਾਬ ਪੂਰੀ ਤਰ੍ਹਾਂ ਤਬਾਹ ਹੋ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਹਾਲ ਵਾਸੀ ਬਰਵਾਲਾ ਰੋਡ ਡੇਰਾਬੱਸੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਬੀਜਣਪੁਰ 'ਚ ਕਰੀਬ ਤਿੰਨ ਕਿੱਲੇ ਜ਼ਮੀਨ ਪੱਟੇ ਉਤੇ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ । ਉਨ੍ਹਾਂ ਦੋ ਕਿੱਲਿਆਂ ਵਿਚ ਤਾਲਾਬ ,ਦੋ ਵਿੱਘੇ ਵਿਚ ਨਰਸਰੀ ਅਤੇ ਬਾਕੀ ਜ਼ਮੀਨ ਵਿਚ ਉੱਥੇ ਕੰਮ ਕਰਦੇ ਕਾਮਿਆਂ ਲਈ ਕਮਰੇ ਤੇ ਆਉਣ ਜਾਣ ਵਾਲਿਆਂ ਲਈ ਇੱਕ ਦਫਤਰ ਬਣਾਇਆ ਸੀ। ਇਸ ਜ਼ਮੀਨ ਵਿਚ ਮੱਛੀਆਂ ਦੀ ਫੀਡ ਰੱਖਣ ਲਈ ਇੱਕ ਸੈੱਡ ਵੀ ਬਣਾਇਆ ਗਿਆ ਸੀ ਪਰ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਜਿੱਥੇ ਤਾਲਾਬ ਵਿਚ ਪਾੜ ਪੈਣ ਕਾਰਨ ਸਾਰੀਆਂ ਮੱਛੀਆਂ ਤਾਲਾਬ ਵਿੱਚੋਂ ਬਾਹਰ ਨਿਕਲ ਗਈਆਂ, ਉੱਥੇ ਸ਼ੈੱਡ ਵਿਚ ਮੱਛੀਆਂ ਲਈ ਰੱਖੀ ਫੀਡ ਤੇ ਹੋਰ ਸਾਮਾਨ ਵੀ ਵਹਿ ਗਿਆ। ਤਾਲਾਬ ਵਿਚ ਪਾੜ ਪੈਣ ਕਾਰਨ ਕਰੀਬ ਵੀਹ ਤੋਂ ਵੱਧ ਟਿੱਪਰ ਮਿੱਟੀ ਦੇ ਵੀ ਵਹਿ ਗਏ ਤੇ ਤਾਲਾਬ ਨੇੜੇ ਬਣੇ ਕਮਰਿਆਂ ਵਿੱਚ ਵੀ ਤਰੇੜਾਂ ਆ ਗਈਆਂ । ਇਸ ਦੇ ਨਾਲ ਹੀ ਤਾਲਾਬ ਨੂੰ ਹੋਰ ਰੁੜਣ ਤੋਂ ਬਚਾਉਣ ਲਈ ਇੰਜਣ ਰਾਹੀਂ ਪਾਣੀ ਕੱਢਿਆ ਜਾ ਰਿਹਾ ਹੈ । ਹਰਪ੍ਰੀਤ ਕੌਰ ਨੇ ਦੱਸਿਆ ਕਿ ਭਾਰੀ ਮੀਂਹ ਦੇ ਚੱਲਦਿਆਂ ਉਨ੍ਹਾਂ ਦਾ ਕਰੀਬ 8-9 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਵਿਭਾਗ ਦੇ ਅਧਿਕਾਰੀਆਂ ਨੇ ਮੱਛੀ ਪਾਲਣ ਦਾ ਦੌਰਾ ਕੀਤਾ ਤੇ ਉਨ੍ਹਾਂ ਕਿਹਾ ਕਿ ਉਹ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜਣਗੇ।