ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਘੱਗਰ ’ਤੇ ਕੰਕ੍ਰੀਟ ਦੇ ਪੱਕੇ ਬੰਨ ਬਣਾ ਕੇ ਪਾਣੀ ਦੀ ਨਿਕਾਸੀ ਯਕੀਨੀ ਬਣਾਉਣਾ ਹੀ ਮਸਲੇ ਦਾ ਸਥਾਈ ਹੱਲ ਹੈ ਅਤੇ ਭਰੋਸਾ ਦੁਆਇਆ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਲਈ ਅਜਿਹਾ ਕਰਨਾ ਪ੍ਰਮੁੱਖ ਤਰਜੀਹ ਹੋਵੇਗੀ।
ਅਕਾਲੀ ਦਲ ਦੇ ਪ੍ਰਧਾਨ ਨੇ ਸ਼ੁਤਰਾਣਾ, ਲਹਿਰਾ ਅਤੇ ਮੂਣਕ ਹਲਕਿਆਂ ਵਿਚ ਘੱਗਰ ਦੇ ਕੰਢੇ ਸਥਿਤ ਪਿੰਡਾਂ ਦਾ ਦੌਰਾ ਕੀਤਾ। ਉਹ ਸ਼ੁਤਰਾਣਾ ਵਿਚ ਤੇਈਪੁਰ, ਅਰਨੈਟੂ, ਸ਼ੁਤਰਾਣਾ, ਬਾਦਸ਼ਾਹਪੁਰ ਅਤੇ ਹਰਚੰਦਪੁਰਾ ਦੇ ਬੰਨਾਂ ’ਤੇ ਗਏ, ਲਹਿਰਾ ਅਤੇ ਮੂਣਕ ਵਿਚ ਮਕਰੌੜ ਸਾਹਿਬ ਵੀ ਗਏ ਜਿਥੇ ਉਹਨਾਂ ਤੇਈਪੁਰ, ਅਰਨੇਟੂ, ਸ਼ੁਤਰਾਣਾ, ਬਾਦਸ਼ਾਹਪੁਰ ਤੇ ਹਰਚੰਦਪੁਰਾ ਦੀਆਂ ਪੇਂਡੂ ਕਮੇਟੀਆਂ ਨੂੰ 3 ਲੱਖ ਰੁਪਏ ਨਗਦ ਦੇਣ ਤੋਂ ਇਲਾਵਾ 9 ਹਜ਼ਾਰ ਲੀਟਰ ਡੀਜ਼ਲ ਵੀ ਪ੍ਰਦਾਨ ਕੀਤਾ। ਉਹਨਾਂ ਨੇ ਮਕਰੌੜ ਸਾਹਿਬ ਵਿਚ 1 ਲੱਖ ਰੁਪਏ ਨਗਦ ਅਤੇ 2 ਹਜ਼ਾਰ ਲੀਟਰ ਅਤੇ ਮੂਣਕ ਵਿਚ ਦੋ ਲੱਖ ਰੁਪਏ ਨਗਦ ਅਤੇ 2 ਹਜ਼ਾਰ ਲੀਟਰ ਹਜ਼ਾਰ ਡੀਜ਼ਲ ਪ੍ਰਦਾਨ ਕੀਤਾ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਮਕਰੌੜ ਸਾਹਿਬ ਤੋਂ ਕੜੈਲ ਤੱਕ ਘੱਗਰ ਦੀ ਦਰੁੱਸਤੀ ਦੇ ਦੂਜੇ ਪੜਾਅ ਦਾ ਕੰਮ ਪਿਛਲੀਆਂ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਅੱਧ ਵਿਚਾਲੇ ਛੱਡ ਰੱਖਿਆ ਹੈ। ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਖਨੌਰੀ ਤੋਂ ਮਕਰੌੜ ਸਾਹਿਬ ਤੱਕ 22.5 ਕਿਲੋਮੀਟਰ ਘੱਗਰ ਦਾ ਰਾਹ ਦਰੁੱਸਤ ਕਰਨ ਦਾ ਕੰਮ ਮੁਕੰਮਲ ਕੀਤਾ ਸੀ। ਉਹਨਾਂ ਕਿਹਾ ਕਿ ਹੁਣ ਅਸੀਂ ਨਾ ਸਿਰਫ ਘੱਗਰ ਦਾ ਰਾਹ ਦਰੁੱਸਤ ਕਰਾਂਗੇ ਬਲਕਿ ਇਸਦੇ ਦੋਵੇਂ ਪਾਸੇ ਕੰਕ੍ਰੀਟ ਦੇ ਪੱਕੇ ਬੰਨ ਮਾਰ ਕੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਹਮੇਸ਼ਾ ਲਈ ਹੜ੍ਹਾਂ ਤੋਂ ਮੁਕਤੀ ਦੁਆਵਾਂਗੇ।
ਸ਼ੁਤਰਾਣਾ ਵਿਚ ਬੰਨ ’ਤੇ ਅਕਾਲੀ ਦਲ ਦੇ ਪ੍ਰਧਾਨ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਆਪ ਸਰਕਾਰ ਨੇ ਘੱਗਰ ਦੇ ਬੰਨ ਮਜ਼ਬੂਤ ਕਰਨ ਵਾਸਤੇ ਗਾਰ ਕੱਢਣ ਦੀ ਆਗਿਆ ਨਾ ਦੇ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧਾਈਆਂ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਬੰਨ ਮਜ਼ਬੂਤ ਕਰਨ ਵਾਸਤੇ ਕੁਝ ਵੀ ਨਹੀਂ ਕੀਤਾ।ਉਹਨਾਂ ਕਿਹਾ ਕਿ ਜਦੋਂ ਗਾਰ ਕੱਢ ਕੇ ਆਪ ਹੀ ਬੰਨ ਮਜ਼ਬੂਤ ਕਰਨ ਦੀ ਆਗਿਆ ਮੰਗੀ ਤਾਂ ਸਾਨੂੰ ਇਜਾਜ਼ਤ ਨਹੀਂ ਦਿੱਤੀ ਗਈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਜ਼ਮੀਨ ਐਕਵਾਇਰ ਕਰਨੀ ਚਾਹੀਦੀ ਹੈ ਜਿਸ ਵਾਸਤੇ ਉਹ ਤਿਆਰ ਹਨ ਅਤੇ ਇਲਾਕੇ ਵਿਚ ’ਪੱਕੇ’ ਬੰਨ ਬਣਾਉਣੇ ਚਾਹੀਦੇ ਹਨ।
ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੇਂਦਰ ਤੇ ਰਾਜ ਦੋਵੇਂ ਸਰਕਾਰਾਂ ਨੇ ਇਸ ਔਖੀ ਘੜੀ ਵੇਲੇ ਪੰਜਾਬੀਆਂ ਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਰਾਹਤ ਕਾਰਜਾਂ ਵਾਸਤੇ ਕੇਂਦਰ ਤੇ ਰਾਜ ਸਰਕਾਰ ਦੋਵਾਂ ਵੱਲੋਂ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਜਿਸ ਕਾਰਨ ਲੋਕਾਂ ਨੇ ਰਾਹਤ ਕਾਰਜ ਆਪਣੇ ਹੱਥ ਵਿਚ ਲੈ ਲਏ ਹਨ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਐਨ ਕੇ ਸ਼ਰਮਾ, ਬਲਦੇਵ ਸਿੰਘ ਮਾਨ, ਜਗਮੀਤ ਸਿੰਘ ਹਰਿਆਊ, ਗੁਲਜ਼ਾਰੀ ਮੂਣਕ, ਵਿਨਰਜੀਤ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਿੱਟੂ ਚੱਠਾ, ਰਾਜਿੰਦਰ ਸਿੰਘ ਵਿਰਕ, ਸਵਰਨ ਸਿੰਘ ਚਨਾਰਥਲ, ਮੱਖਣ ਸਿੰਘ ਲਾਲਕਾ, ਗਗਨਦੀਪ ਸਿੰਘ ਖੰਡੇਬਾਦ, ਮਹਿੰਦਰ ਸਿੰਘ ਲਾਲਵਾ ਅਤੇ ਅਮਰਜੀਤ ਸਿੰਘ ਪੰਜਰਥ ਵੀ ਹਾਜ਼ਰ ਸਨ।