ਮਹਿਲ ਕਲਾਂ : ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਰਨਾਲਾ ਡਾ. ਬਲਜੀਤ ਸਿੰਘ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਹਰ ਸ਼ੁੱਕਰਵਾਰ ਡੇੰਗੂ 'ਤੇ ਵਾਰ ਮੁਹਿੰਮ ਤਹਿਤ ਮਹਿਲ ਕਲਾਂ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਸਿਹਤ ਟੀਮਾਂ ਵਲੋਂ ਡੇਂਗੂ ਲਾਰਵਾ ਦੀ ਚੈਕਿੰਗ ਕੀਤੀ ਗਈ ਅਤੇ ਲਗਾਤਾਰ ਮੀਂਹ ਦੇ ਚਲਦਿਆਂ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਜਿਵੇਂ ਕਿ ਡਾਇਰਿਆ, ਪੀਲੀਆ, ਚਮੜੀ ਦੇ ਸੰਕ੍ਰਮਣ ਆਦਿ ਬਾਰੇ ਜਾਗਰੂਕ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਆਈ ਜਸਵੀਰ ਸਿੰਘ ਨੇ ਕਿਹਾ ਕਿ ਇਸ ਬਰਸਾਤੀ ਮੌਸਮ ਵਿਚ ਪਾਣੀ ਉਬਾਲ ਕੇ ਜਾਂ ਕਲੋਰਿਨ ਯੁਕਤ ਕਰਕੇ ਹੀ ਪੀਣਾ ਚਾਹੀਦਾ ਹੈ ਅਤੇ ਉਲਟੀਆਂ ਜਾਂ ਦਸਤ ਹੋਣ ਦੀ ਸੂਰਤ ਵਿੱਚ ਓ ਆਰ ਐਸ ਘੋਲ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ। ਇਸ ਮੌਕੇ ਬੀ ਈ ਈ ਸ਼ਿਵਾਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਇੱਕ ਹੀ ਥਾਂ 'ਤੇ ਤਿੰਨ ਤੋਂ ਵੱਧ ਬੁਖਾਰ, ਸੰਕ੍ਰਮਣ ਜਾਂ ਡਾਇਰਿਆ ਦੇ ਕੇਸ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਖੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਹੈਲਥ ਵਰਕਰ ਬੂਟਾ ਸਿੰਘ, ਏ ਐਨ ਐਮ ਜਸਵੀਰ ਕੌਰ ਤੇ ਆਸ਼ਾ ਵਰਕਰ ਸੁਮਨ ਰਾਣੀ ਮੌਜੂਦ ਸਨ।