ਕੌਮੀ ਪੱਧਰ ਦੀ ਅਕਾਦਮਿਕ ਦਰਜਾਬੰਦੀ ਵਿੱਚ ਉਤਾਂਹ ਉੱਠਣਾ ਸਾਨੂੰ ਸਾਕਾਰਾਤਮਕ ਊਰਜਾ ਪ੍ਰਦਾਨ ਕਰੇਗਾ : ਡਾ. ਜਗਦੀਪ ਸਿੰਘ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਅਕਾਦਮਿਕ ਖੇਤਰ ਵਿੱਚ ਇੱਕ ਹੋਰ ਮੱਲ ਮਾਰਦਿਆਂ ਭਾਰਤ ਸਰਕਾਰ ਦੇ ਮਨੁੱਖੀ ਸ਼ਰੋਤ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਨਿਰਫ਼ ਰੈਂਕਿੰਗ(ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ) ਤਹਿਤ ਦੇਸ ਭਰ ਦੀਆਂ ਯੂਨੀਵਰਸਿਟੀਆਂ ਦੀ ਓਵਰਆਲ ਸੂਚੀ ਵਿੱਚ ਸਰਵੋਤਮ 200 ਯੂਨੀਵਰਸਿਟੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਈ ਹੈ। ਇਸ ਤੋਂ ਇਲਾਵਾ ਸਟੇਟ ਯੂਨੀਵਰਸਿਟੀਆਂ ਦੀ ਵੱਖਰੀ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਿਲ ਹੋ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦਾ ਨਾਮ 51 ਤੋਂ 100 ਵਾਲ਼ੀ ਸੂਚੀ ਵਿੱਚ ਸ਼ੁਮਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ਼ ਹੀ ਫਾਰਮੇਸੀ ਵਿਭਾਗਾਂ ਦੀ ਵੱਖਰੇ ਤੌਰ ਉੱਤੇ ਜਾਰੀ ਹੁੰਦੀ ਦਰਜਾਬੰਦੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਫਾਰਮੇਸੀ ਵਿਭਾਗ ਨੇ ਦੇਸ ਭਰ ਵਿੱਚੋਂ 59ਵਾਂ ਰੈੰਕ ਹਾਸਿਲ ਕੀਤਾ ਹੈ। ਯੂਨੀਵਰਸਿਟੀ ਦਾ ਆਈ. ਕਿਊ.ਏ. ਸੈੱਲ, ਜੋ ਕਿ ਸਾਰੇ ਵਿਭਾਗਾਂ ਤੋਂ ਅੰਕੜੇ ਪ੍ਰਾਪਤ ਕਰ ਕੇ ਅਜਿਹੀਆਂ ਦਰਜਬੰਦੀਆਂ ਲਈ ਅੱਗੇ ਸਬੰਧਤ ਸੰਸਥਾਵਾਂ ਨੂੰ ਭੇਜਦਾ ਹੈ, ਦੇ ਡਾਇਰੈਕਟਰ ਪ੍ਰੋ. ਧਰਮਵੀਰ ਸ਼ਰਮਾ ਅਤੇ ਕੋਆਰਡੀਨੇਟਰ ਪ੍ਰੋ. ਉਮਰਾਓ ਸਿੰਘ ਨੇ ਖੁਸ਼ੀ ਪ੍ਰਗਟਾਉਂਦਿਆਂ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਇਸ ਸੰਬੰਧੀ ਸਮੇਂ ਸਿਰ ਅਤੇ ਉੱਚਿਤ ਤਰੀਕੇ ਨਾਲ਼ ਡਾਟਾ ਮੁਹਈਆ ਕਰਵਾਇਆ ਜਾਂਦਾ ਰਿਹਾ ਹੈ ਜਿਸ ਨਾਲ਼ ਹਰੇਕ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਠੀਕ ਢੰਗ ਨਾਲ਼ ਸੂਚੀਬੱਧ ਕਰ ਕੇ ਅੱਗੇ ਪੇਸ਼ ਕੀਤਾ ਜਾ ਸਕਿਆ।