ਪਟਿਆਲਾ : ਅਧਿਆਪਕ ਦਿਵਸ ਦੇ ਮੌਕੇ 'ਤੇ ਐਕਸਿਸ ਮੈਕਸ ਲਾਈਫ ਇੰਸ਼ੋਰੇਂਸ ਕੰਪਨੀ ਵੱਲੋਂ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀਮਤੀ ਮਮਤਾ ਰਾਣੀ ਜੀ ਜੂਡੋ ਵਿੱਚ ਨੈਸ਼ਨਲ ਮੈਡਲਿਸਟ ਹਨ ਅਤੇ ਸਾਲ 1997 ਤੋਂ ਸਿੱਖਿਆ ਵਿਭਾਗ ਵਿੱਚ ਬਤੌਰ ਪੀ.ਟੀ.ਆਈ. ਕੰਮ ਕਰ ਰਹੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਖੇਡਾਂ ਵਿੱਚ ਭਾਗ ਲੈਣਾ ਅੱਜ ਤੱਕ ਜਾਰੀ ਰੱਖਿਆ ਹੈ ਅਤੇ ਹਰ ਸਾਲ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈਂਦੇ ਹਨ ਅਤੇ ਮੈਡਲ ਪ੍ਰਾਪਤ ਕਰਦੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਆਪਣੇ ਸਕੂਲ ਦੇ ਲੱਗਭੱਗ ਹਰੇਕ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਦਵਾਂਉਂਦੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਦੀ ਅਗਵਾਈ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ ਦੀ ਖੇਡਾਂ ਵਿੱਚ ਪ੍ਰਾਪਤੀ ਦੀ ਸੂਚੀ ਹਰ ਸਾਲ ਵੱਡੀ ਹੁੰਦੀ ਜਾ ਰਹੀ ਹੈ। ਸ੍ਰੀਮਤੀ ਮਮਤਾ ਜੀ ਦੇ ਸਕੂਲ ਪ੍ਰਤੀ ਪਾਏ ਯੋਗਦਾਨ ਦੀ ਪ੍ਰਸੰਸਾ ਕਰਦੇ ਹੋਏ ਸਕੂਲ ਮੈਨੇਜਮੈਂਟ ਕਮੇਟੀ ਵੀ ਉਹਨਾਂ ਨੂੰ ਸਨਮਾਨਿਤ ਕਰ ਚੁੱਕੀ ਹੈ। ਐਕਸਿਸ ਮੈਕਸ ਲਾਈਫ ਇੰਸ਼ੋਰੇਂਸ ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਅਧਿਆਪਕ ਉਸ ਦੀਵੇ ਵਾਂਗ ਹੁੰਦਾ ਹੈ ਜੋ ਖੁਦ ਬਲਕੇ ਵਿਦਿਆਰਥੀਆਂ ਦੇ ਜੀਵਨ ਨੂੰ ਰੋਸ਼ਨ ਕਰਦਾ ਹੈ। ਉਹਨਾਂ ਅਗੇ ਕਿਹਾ ਕਿ ਦੇਸ਼ ਦੀ ਤਰੱਕੀ ਦਾ ਆਧਾਰ ਅਧਿਆਪਕ ਹੀ ਹੁੰਦਾ ਹੈ ਕਿਉਂਕਿ ਉਹਨਾਂ ਵੱਲੋਂ ਪੜ੍ਹਾਏ ਗਏ ਵਿਦਿਆਰਥੀ ਹੀ ਦੇਸ਼ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ। ਇਸ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਹਰੀਸ਼ ਸਿੰਘ ਰਾਵਤ, ਸ੍ਰੀ ਬਿਕਰਮ ਸਿੰਘ, ਸ੍ਰੀਮਤੀ ਵਿਸ਼ਾਲੀ, ਸ੍ਰੀ ਯਸ਼ਦੀਪ ਸਿੰਘ, ਸ੍ਰੀਮਤੀ ਪੂਸ਼ਪਾ ਰਾਣੀ ਅਤੇ ਹੋਰ ਅਧਿਆਪਕ ਮੌਜੂਦ ਸਨ।