ਬੰਗਾ : ਦੁਆਬੇ ਵਿਚ ਪਿਛਲੇ 41 ਸਾਲਾਂ ਤੋਂ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਹੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਹੁਣ ਜ਼ਹਿਰੀਲੇ ਸੱਪ ਦੇ ਡੰਗੇ ਹੋਏ ਮਰੀਜ਼ਾਂ ਦਾ ਇਲਾਜ ਕਰਨ ਵਾਲਾ ਇਲਾਕੇ ਦਾ ਪ੍ਰਮੁੱਖ ਹਸਪਤਾਲ ਬਣ ਚੁੱਕਾ ਹੈ। ਪਿਛਲੇ ਇੱਕ ਮਹੀਨੇ ਵਿਚ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਦੇ ਕਰੀਬ ਮਰੀਜ਼ਾਂ ਨੂੰ ਵੇਲੇ ਸਿਰ ਐਂਟੀ ਸਨੇਕ ਵੇਨਮ ਅਤੇ ਵੈਂਟੀਲੇਟਰ ਦੀ ਮਦਦ ਨਾਲ ਬਚਾਇਆ ਜਾ ਚੁੱਕਾ ਹੈ । ਇਸ ਸਬੰਧੀ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਸਪਤਾਲ ਦੇ ਮੈਡੀਕਲ ਮਾਹਿਰ ਡਾ ਵਿਵੇਕ ਗੁੰਬਰ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਅਤਿ ਆਧੁਨਿਕ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ । ਜਿਸ ਦੀ ਤਾਜ਼ਾ ਮਿਸਾਲ ਪਿੰਡ ਪੰਜੋਰਾ ਵਾਸੀ 70 ਸਾਲ ਦੇ ਮਰੀਜ਼ ਹਰਬੰਸ ਸਿੰਘ ਹੈ ਜਿਸ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਗਿਆ ਹੈ । ਮਰੀਜ਼ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ, ਜਦੋਂ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ, ਸਾਹ ਲੈਣ ਵਿਚ ਆ ਰਹੀ ਭਾਰੀ ਸਮੱਸਿਆ ਆਦਿ ਲੱਛਣ ਸਾਹਮਣੇ ਆਏ ਤਾਂ ਉਪਰੰਤ ਪਰਿਵਾਰ ਵੱਲੋਂ ਉਸ ਨੂੰ ਛੇਤੀ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਲਿਆਂਦਾ ਗਿਆ। ਮੁੱਢਲੀ ਜਾਂਚ ਦੌਰਾਨ ਹੀ ਮਰੀਜ਼ ਦੇ ਦਿਲ ਦੀ ਧੜਕਣ ਅਚਾਨਕ ਬੰਦ ਹੋ ਗਈ ਤਾਂ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ ਐਮ.ਡੀ. ਮੈਡੀਸਨ ਦੀ ਅਗਵਾਈ ਵਿਚ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਜਸਰਾਜ ਸਿੰਘ ਨੇ ਨਰਸਿੰਗ ਸਟਾਫ ਨੂੰ ਨਾਲ ਲੈ ਕੇ ਸੀ.ਪੀ.ਆਰ. ਕੀਤਾ, ਜਿਸ ਨਾਲ ਮਰੀਜ਼ ਦੇ ਦਿਲ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਆਈ.ਸੀ.ਯੂ. ਵਿਭਾਗ ਵਿਚ ਭਰਤੀ ਕੀਤਾ ਗਿਆ । ਜਿੱਥੇ ਚਾਰ ਦਿਨ ਵੈਂਟੀਲੇਟਰ ਦੀ ਮਦਦ ਦੇ ਨਾਲ-ਨਾਲ ਸੱਪ ਦੇ ਡੰਗੇ ਜਾਣ 'ਤੇ ਮਰੀਜ਼ ਦਾ ਇਲਾਜ ਕਰਨ ਵਾਲੀਆਂ ਖਾਸ ਦਵਾਈਆਂ (ਸੱਪ ਦੀ ਜ਼ਹਿਰ ਦਾ ਐਂਟੀਡਾਟ) ਨਾਲ ਇਲਾਜ ਕੀਤਾ ਗਿਆ । ਡਾਕਟਰ ਸਾਹਿਬ ਦੀ ਸਾਰੀ ਟੀਮ ਦੇ ਅਣਥੱਕ ਯਤਨਾਂ ਸਦਕਾ ਮਰੀਜ਼ ਨੂੰ ਨਵਾਂ ਜੀਵਨ ਮਿਲਿਆ । ਹੁਣ ਮਰੀਜ਼ ਹਰਬੰਸ ਸਿੰਘ ਪੂਰੀ ਤਰ੍ਹਾਂ ਤੰਦਰੁਸਤ ਹੈ । ਇਸ ਮੌਕੇ ਹਸਪਤਾਲ ਦੇ ਮੁੱਖ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ, ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਢਾਹਾਂ ਕਲੇਰਾਂ ਨੇ ਮਰੀਜ਼ ਦਾ ਵਧੀਆ ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ ਅਤੇ ਸਮੂਹ ਟੀਮ ਨੂੰ ਵਧਾਈ ਦਿੱਤੀ । ਡਾ. ਵਿਵੇਕ ਗੁੰਬਰ ਨੇ ਲੋਕਾਂ ਨੂੰ ਜਾਗਰੂਕ ਕਰਦੇ ਦੱਸਿਆ ਕਿ ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹੋਣ ਵਾਲੀਆਂ ਮੌਤਾਂ ਸੱਪਾਂ ਦੀਆਂ ਪ੍ਰਮੁੱਖ ਚਾਰ ਪ੍ਰਜਾਤੀਆਂ ਦੇ ਕਾਰਨ ਹੁੰਦੀਆਂ ਹਨ ਜਿਹਨਾਂ ਵਿਚ ਕਾਮਨ ਕਰੇਟ, ਇੰਡੀਅਨ ਕੋਬਰਾ, ਰਸਲਜ਼ ਵਾਈਪਰ ਅਤੇ ਸਾਅ ਸਕੇਲਡ ਵਾਈਪਰ ਆਦਿ ਸ਼ਾਮਿਲ ਹਨ, ਪਰ ਬਹੁਤ ਸਾਰੇ ਲੋਕ ਅਗਿਆਨਤਾ ਜਾਂ ਹੋਰ ਕਾਰਨਾਂ ਕਰਕੇ ਵੇਲੇ ਸਿਰ ਉਸ ਸਿਹਤ ਕੇਂਦਰ ਤੱਕ ਪਹੁੰਚ ਹੀ ਨਹੀਂ ਪੁੱਜਦੇ ਜਿੱਥੇ ਐਂਟੀਵੇਨਮ (ਸੱਪ ਦੀ ਜ਼ਹਿਰ ਤੋਂ ਬਚਾਉਣ ਵਾਲਾ ਟੀਕਾ) ਉਪਲਬਧ ਹੋਵੇ ਅਤੇ ਕਿਉਂਕਿ ਇਹ ਟੀਕਾ ਮਰੀਜ਼ ਦੀ ਜਾਨ ਬਚਾਉਣ ਵਿੱਚ ਸਹਾਈ ਸਿੱਧ ਹੁੰਦਾ ਹੈ । ਕਈ ਵਾਰ ਲੋਕਾਂ ਵੱਲੋਂ ਵਹਿਮਾਂ ਭਰਮਾਂ ਵਿੱਚ ਉਲਝ ਕੇ “ਮਣਕਾ, ਜਾਦੂ ਟੂਣਾ” ਆਦਿ ਕਰਵਾਉਣ ਵਿੱਚ ਕੀਮਤੀ ਸਮਾਂ ਖਰਾਬ ਕਰ ਦਿੱਤਾ ਤਾਂ ਉਸ ਮਰੀਜ਼ ਮੌਤ ਵੀ ਹੋ ਸਕਦੀ ਹੈ । ਇਸ ਮੌਕੇ ਮਰੀਜ਼ ਦੇ ਪਰਿਵਾਰ ਨੇ ਹਰਬੰਸ ਸਿੰਘ ਦਾ ਵਧੀਆ ਇਲਾਜ ਕਰਨ ਲਈ ਡਾਕਟਰ ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ ਸਾਹਿਬਾਨ, ਨਰਸਿੰਗ ਸਟਾਫ ਅਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਵਰਣਨਯੋਗ ਹੈ ਕਿ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਆਧੁਨਿਕ ਯੰਤਰਾਂ ਨਾਲ ਲੈਸ ਵਿਸ਼ੇਸ਼ ਵਾਰਡ ਹਨ ਜਿੱਥੇ 24 ਘੰਟੇ ਮਾਹਿਰ ਡਾਕਟਰ ਸਾਹਿਬਾਨ ਤਾਇਨਾਤ ਰਹਿੰਦੇ ਹਨ ।