ਹਾਲ ਦੀ ਘੜੀ ਜੀਵਨ ਬਸਰ ਕਰਨ ਲਈ ਦਿੱਤੀਆ ਤਰਪਾਲਾਂ
ਸੁਨਾਮ : ਸੂਬੇ ਅੰਦਰ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਸੁਨਾਮ ਦੀ ਜੂਹ ਵਿੱਚ ਵਸੀ ਬਸਤੀ ਜਗਤਪੁਰਾ ਵਿਖੇ ਕਈ ਗਰੀਬ ਪਰਿਵਾਰਾਂ ਦੇ ਮਕਾਨ ਬਿਲਕੁਲ ਤਬਾਹ ਹੋਣ ਦੀ ਕਗਾਰ ਤੇ ਪੁੱਜ ਗਏ ਹਨ , ਘਰਾਂ ਵਿੱਚ ਤਰੇੜਾਂ ਆਉਣ ਕਾਰਨ ਛੱਤਾਂ ਚੋਂ ਪਾਣੀ ਚੋਅ ਰਿਹਾ ਹੈ, ਜਗਤਪੁਰਾ ਬਸਤੀ ਵਿੱਚ ਜ਼ਿਆਦਾਤਰ ਲੋਕ ਗਰੀਬੀ ਦੀ ਹਾਲਤ ਵਿੱਚ ਜੀਵਨ ਬਸਰ ਕਰ ਰਹੇ ਹਨ। ਬਸਤੀ ਵਿੱਚ ਵਸਦੇ ਲੋਕਾਂ ਦੇ ਘਰਾਂ ਦੀ ਹਾਲਤ ਤਰਸਯੋਗ ਹੋਣ ਦਾ ਪਤਾ ਲੱਗਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਵਿਧਾਨ ਸਭਾ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਖਡਿਆਲ ਨੇ ਮੌਕੇ ਤੇ ਪੁੱਜਕੇ ਹਲਾਤਾਂ ਦਾ ਜਾਇਜ਼ਾ ਲਿਆ। ਘਰਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਮੌਕੇ ਉੱਤੇ ਹਾਲ ਦੀ ਘੜੀ ਜੀਵਨ ਬਸਰ ਕਰਨ ਲਈ ਤਰਪਾਲਾਂ ਲਿਆਉਣ ਲਈ ਮਾਲੀ ਮੱਦਦ ਕੀਤੀ। ਉਨ੍ਹਾਂ ਆਖਿਆ ਕਿ ਬਰਸਾਤ ਕਾਰਨ ਖ਼ਰਾਬ ਹੋਏ ਜਿਹੜੇ ਕੁੱਝ ਮਕਾਨ ਠੀਕ ਹੋ ਸਕਦੇ ਹਨ ਉਹਨਾਂ ਨੂੰ ਵੀ ਠੀਕ ਕਰਵਾਉਣ ਲਈ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਪੀੜਤ ਕਿਸੇ ਪਰਿਵਾਰ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਨੌਜਵਾਨ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਤੇ ਤੰਜ ਕਸਦਿਆਂ ਆਖਿਆ ਹੈ ਕਿ ਮੌਜੂਦਾ ਸਮੇਂ ਇਹ ਪੀੜਤ ਪਰਿਵਾਰ ਮੁਰਗੀਆਂ ਅਤੇ ਬੱਕਰੀਆਂ ਦੇ ਮੁਆਵਜਾ ਨਹੀਂ ਮੰਗ ਰਹੇ, ਇਨ੍ਹਾਂ ਪਰਿਵਾਰਾਂ ਦੇ ਮਕਾਨਾਂ ਲਈ ਮਾਲੀ ਮੱਦਦ ਜਲਦ ਤੋਂ ਜਲਦ ਭੇਜੀ ਜਾਵੇ ਤਾਂ ਕਿ ਇਹ ਅਪਣਾ ਜੀਵਨ ਬਚਾ ਸਕਣ ਅਤੇ ਆਪਣੇ ਛੋਟੇ ਬੱਚਿਆਂ ਦਾ ਜੀਵਨ ਸੁਰੱਖਿਅਤ ਰੱਖ ਸਕਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਸਰਕਲ ਸ਼ਹਿਰੀ ਸੁਨਾਮ ਦੇ ਪ੍ਰਧਾਨ ਰਮਨਦੀਪ ਸਿੰਘ ਰਾਣਾ ਅਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ।