ਡੇਰਾਬੱਸੀ : ਡੇਰਾਬੱਸੀ ਵਿਧਾਨ ਸਭਾ ਤੋਂ ਸਮਾਜ ਸੇਵੀ ਗੁਰਦਰਸ਼ਨ ਸਿੰਘ ਸੈਣੀ ਨੇ ਅੱਜ ਹੜ ਪ੍ਰਭਾਵਿਤ ਖੇਤਰਾਂ ਵਾਸਤੇ ਤੀਜਾ ਟਰੱਕ ਰਾਹਤ ਸਮੱਗਰੀ ਨਾਲ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਹ ਕੁਦਰਤੀ ਆਫਤ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ, ਤਦ ਤੱਕ ਰਾਹਤ ਸੇਵਾਵਾਂ ਬਿਨਾਂ ਰੁਕਾਵਟ ਦੇ ਜਾਰੀ ਰਹਿਣਗੀਆਂ। ਇਸ ਟਰੱਕ ਵਿੱਚ 500 ਪੇਟੀਆਂ ਪੀਣ ਵਾਲੇ ਸਾਫ ਪਾਣੀ ਦੀਆਂ, 200 ਪੇਟੀਆਂ ਜੂਸ, ਲੋੜੀਂਦੀਆਂ ਦਵਾਈਆਂ, ਟਾਰਚਾਂ ਅਤੇ ਮੋਮਬੱਤੀਆਂ ਸਮੇਤ ਹੋਰ ਬੁਨਿਆਦੀ ਸਮਾਨ ਭੇਜਿਆ ਗਿਆ। ਇਹ ਸਮੱਗਰੀ ਹੜ ਕਾਰਨ ਘਰਾਂ ਤੋਂ ਬੇਘਰ ਹੋਏ ਅਤੇ ਪਾਣੀ ਨਾਲ ਘਿਰੇ ਪਰਿਵਾਰਾਂ ਲਈ ਬਹੁਤ ਮਦਦਗਾਰ ਸਾਬਤ ਹੋਵੇਗੀ। ਪੀਣ ਵਾਲਾ ਪਾਣੀ ਉਥੇ ਰਹਿੰਦੇ ਲੋਕਾਂ ਦੀ ਸਿਹਤ ਲਈ ਸਭ ਤੋਂ ਵੱਡੀ ਲੋੜ ਹੈ ਕਿਉਂਕਿ ਹੜ ਕਾਰਨ ਨਲਕਿਆਂ ਅਤੇ ਪੰਪਾਂ ਦਾ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ। ਜੂਸ ਖ਼ਾਸਕਰ ਬੱਚਿਆਂ ਅਤੇ ਬੁਜ਼ੁਰਗਾਂ ਲਈ ਤਾਕਤ ਦਾ ਸਰੋਤ ਬਣੇਗਾ। ਦਵਾਈਆਂ ਹੜ ਨਾਲ ਪੈਦਾ ਹੋ ਰਹੀਆਂ ਬਿਮਾਰੀਆਂ ਜਿਵੇਂ ਬੁਖ਼ਾਰ, ਪੇਟ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਇਨਫੈਕਸ਼ਨ ਤੋਂ ਬਚਾਉਣ ਵਿੱਚ ਮਦਦ ਕਰਨਗੀਆਂ। ਇਸੇ ਤਰ੍ਹਾਂ ਟਾਰਚਾਂ ਅਤੇ ਮੋਮਬੱਤੀਆਂ ਬਿਜਲੀ ਨਾ ਹੋਣ ਦੀ ਸਥਿਤੀ ਵਿੱਚ ਲੋਕਾਂ ਨੂੰ ਰਾਤ ਸਮੇਂ ਵੱਡਾ ਸਹਾਰਾ ਦੇਣਗੀਆਂ।
ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ਇਹ ਮੁਸ਼ਕਲ ਘੜੀ ਸਿਰਫ਼ ਪੀੜਤ ਪਰਿਵਾਰਾਂ ਦੀ ਨਹੀਂ, ਸਗੋਂ ਸਾਡੇ ਸਾਰੇ ਸਮਾਜ ਦੀ ਹੈ। ਇਸ ਲਈ ਹਰ ਇਕ ਵਰਕਰ ਅਤੇ ਹਰ ਇਕ ਸੇਵਾਦਾਰ ਦਾ ਫਰਜ ਹੈ ਕਿ ਉਹ ਅੱਗੇ ਆ ਕੇ ਮਦਦ ਦੇ ਹੱਥ ਵਧਾਏ। ਉਨ੍ਹਾਂ ਡੇਰਾਬੱਸੀ ਵਿਧਾਨ ਸਭਾ ਦੇ ਸਾਰੇ ਮੰਡਲ ਪ੍ਰਧਾਨਾਂ ਅਤੇ ਭਾਜਪਾ ਵਰਕਰਾਂ ਦਾ ਖ਼ਾਸ ਧੰਨਵਾਦ ਕੀਤਾ ਜਿਹੜੇ ਰਾਤ-ਦਿਨ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ।
ਸੈਣੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਹੜ ਨਾਲ ਪ੍ਰਭਾਵਿਤ ਹੋਏ ਕਿਸੇ ਵੀ ਪਰਿਵਾਰ ਨੂੰ ਅਕੇਲਾ ਮਹਿਸੂਸ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਭਾਜਪਾ ਦੀ ਪੂਰੀ ਟੀਮ ਹਮੇਸ਼ਾਂ ਲੋਕਾਂ ਦੇ ਨਾਲ ਖੜੀ ਰਹੇਗੀ।